
ਪ੍ਰਤਿਮਾ ਦੇਵੀ ਨੇ ਦੱਸਿਆ ਕਿ ਉਸਨੇ ਲਗਭਗ 300 ਆਵਾਰਾ ਕੁੱਤਿਆਂ ਨੂੰ ਸ਼ਰਨ ਦਿੱਤੀ ਹੈ।
ਨਵੀਂ ਦਿੱਲੀ: MCD ਲਗਾਤਾਰ ਗੈਰ-ਕਾਨੂੰਨੀ ਝੁੱਗੀਆਂ ਅਤੇ ਦੁਕਾਨਾਂ ਨੂੰ ਹਟਾ ਰਿਹਾ ਹੈ। ਇੱਕ 80 ਸਾਲ ਦੀ ਬਜ਼ੁਰਗ ਔਰਤ ਵੀ ਇਸ ਮੁਹਿੰਮ ਦਾ ਸ਼ਿਕਾਰ ਹੋਈ ਹੈ। MCD ਨੇ ਕਥਿਤ ਤੌਰ 'ਤੇ ਉਸ ਦਾ ਘਰ ਅਤੇ ਦੁਕਾਨ ਤਬਾਹ ਕਰ ਦਿੱਤੀ ਹੈ, ਜਿਸ ਕਾਰਨ ਉਹ ਹੁਣ ਇਸ ਕੜਾਕੇ ਦੀ ਠੰਢ 'ਚ ਸੜਕ 'ਤੇ ਰਹਿਣ ਲਈ ਮਜ਼ਬੂਰ ਹੈ। ਉਸ ਦੇ ਨਾਲ ਹੀ 300 ਦੇ ਕਰੀਬ ਕੁੱਤੇ ਵੀ ਠੰਢ ਵਿੱਚ ਜੂਝਣ ਲਈ ਮਜਬੂਰ ਹਨ, ਜਿਨ੍ਹਾਂ ਨੂੰ ਉਸ ਨੇ ਪਾਲ ਰੱਖਿਆ ਹੈ। ਦਿੱਲੀ ਵਿਚ ਕੜਾਕੇ ਦੀ ਠੰਢ ਪੈ ਰਹੀ ਹੈ ਅਜਿਹੇ 'ਚ ਖੁੱਲ੍ਹੇ ਅਸਮਾਨ ਹੇਠ ਆਪਣਾ ਦਿਨ ਬਿਤਾਉਣਾ ਬਹੁਤ ਮੁਸ਼ਕਲ ਹੈ ਪਰ ਪ੍ਰਤਿਮਾ ਦੇਵੀ ਨੂੰ ਅਜਿਹੇ ਹੀ ਦਿਨ ਕੱਟਣੇ ਪੈਂਦੇ ਹਨ।
ਲਗਭਗ 300 ਆਵਾਰਾ ਕੁੱਤਿਆਂ ਦੀ ਦੇਖਭਾਲ ਕਰਨ ਵਾਲੀ ਇੱਕ ਬਜ਼ੁਰਗ ਔਰਤ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ ਕਰਮਚਾਰੀਆਂ ਨੇ ਉਸ ਦੀ ਝੱਗੀ, ਦੁਕਾਨ ਅਤੇ ਕੁੱਤਿਆਂ ਲਈ ਅਸਥਾਈ ਪਨਾਹਗਾਹ ਨੂੰ ਢਾਹ ਦਿੱਤਾ।
ਪ੍ਰਤਿਮਾ ਦੇਵੀ ਕਈ ਸਾਲਾਂ ਤੋਂ ਦਿੱਲੀ ਦੇ ਸਾਕੇਤ ਖੇਤਰ ਵਿੱਚ ਆਲੇ-ਦੁਆਲੇ ਦੇ ਆਵਾਰਾ ਕੁੱਤਿਆਂ ਦੀ ਦੇਖਭਾਲ ਕਰ ਰਹੀ ਹੈ।
ਪ੍ਰਤਿਮਾ ਦੇਵੀ ਨੇ ਦੱਸਿਆ ਕਿ ਉਸਨੇ ਲਗਭਗ 300 ਆਵਾਰਾ ਕੁੱਤਿਆਂ ਨੂੰ ਸ਼ਰਨ ਦਿੱਤੀ ਹੈ। ਇਨ੍ਹਾਂ ਵਿੱਚੋਂ ਬਹੁਤੇ ਕੁੱਤੇ ਉਸ ਦੇ ਘਰ ਉਸ ਦੇ ਨਾਲ ਰਹਿੰਦੇ ਸਨ ਪਰ ਹੁਣ ਉਹ ਵੀ ਆਸਰੇ ਤੋਂ ਵਾਂਝੇ ਹੋਣ ਕਾਰਨ ਠੰਢ ਵਿੱਚ ਠੋਕਰ ਖਾਣ ਲਈ ਮਜਬੂਰ ਹਨ। ਉਸਨੇ ਦੱਸਿਆ ਕਿ ਐਮਸੀਡੀ ਕਰਮਚਾਰੀਆਂ ਨੇ ਉਸਦੇ ਕੁੱਤਿਆਂ ਨੂੰ ਵੀ ਬੁਰੀ ਤਰ੍ਹਾਂ ਮਾਰਿਆ ਹੈ।
ਉਸ ਨੇ ਦੱਸਿਆ ਕਿ ਦੁਕਾਨ ਦੇ ਤਾਲੇ ਟੁੱਟਣ ਕਾਰਨ ਉਹ ਸਵੇਰ ਤੋਂ ਹੀ ਭੁੱਖੀ ਹੈ ਅਤੇ ਉਹ ਆਪਣੇ ਕੁੱਤਿਆਂ ਨੂੰ ਚਾਰਾ ਵੀ ਨਹੀਂ ਪਾ ਸਕੀ। ਉਸ ਨੇ ਕਿਹਾ- ਮੈਂ 1984 'ਚ ਦਿੱਲੀ ਆਈ ਸੀ, ਉਦੋਂ ਤੋਂ ਹੀ ਸੜਕ 'ਤੇ ਘੁੰਮਦੇ ਆਵਾਰਾ ਕੁੱਤਿਆਂ ਦੀ ਦੇਖਭਾਲ ਕਰ ਰਹੀ ਹਾਂ। ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਅਤੇ ਜਿੰਨਾ ਚਿਰ ਮੈਂ ਜਿਉਂਦੀ ਹਾਂ ਇਨ੍ਹਾਂ ਕੁੱਤਿਆਂ ਦੀ ਦੇਖਭਾਲ ਕਰਨਾ ਚਾਹੁੰਦੀ ਹਾਂ। ਮੈਂ ਹੁਣ 80 ਸਾਲਾਂ ਦੀ ਹਾਂ। ਮੇਰੇ ਕੋਲ ਇਧਰ-ਉਧਰ ਘੁੰਮਣ ਜਾਂ ਕੰਮ ਲੱਭਣ ਦੀ ਸਰੀਰਕ ਤਾਕਤ ਨਹੀਂ ਹੈ।