
New Delhi News: ਗ਼ਰੀਬਾਂ ਲਈ 1600 ਤੋਂ ਵਧ ਫ਼ਲੈਟਾਂ ਦਾ ਕੀਤਾ ਉਦਘਾਟਨ, ਸੌਂਪੀਆਂ ਚਾਬੀਆਂ
New Delhi News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਰਾਜਧਾਨੀ ਦਿੱਲੀ ਵਿਚ ਅਸ਼ੋਕ ਵਿਹਾਰ ਸਥਿਤ ਸਵਾਭਿਮਾਨ ਅਪਾਰਟਮੈਂਟ ਵਿਚ ਇਨ-ਸੀਟੂ ਝੁੱਗੀ ਪੁਨਰਵਾਸ ਪ੍ਰਾਜੈਕਟ ਤਹਿਤ ਝੁੱਗੀ ਝੋਪੜੀ (ਜੇਜੇ) ਸਮੂਹਾਂ ਦੇ ਨਿਵਾਸੀਆਂ 1,675 ਨਵੇਂ ਬਣੇ ਫ਼ਲੈਟਾਂ ਦਾ ਉਦਘਾਟਨ ਕੀਤਾ। ਯੋਗ ਲਾਭਪਾਤਰੀਆਂ ਲਈ ਚਾਬੀਆਂ ਵੀ ਸੌਂਪੀਆਂ।
ਪ੍ਰਧਾਨ ਮੰਤਰੀ ਨੇ ਇਸ ਤੋਂ ਇਲਾਵਾ ਦਿੱਲੀ ਯੂਨੀਵਰਸਿਟੀ ਵਿਚ 600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਤਿੰਨ ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰਖਿਆ। ਇਨ੍ਹਾਂ ਵਿਚ ਪੂਰਬੀ ਦਿੱਲੀ ’ਚ ਸੂਰਜਮਲ ਵਿਹਾਰ ਵਿਚ ਪੂਰਬੀ ਕੈਂਪਸ, ਦਵਾਰਕਾ ਵਿਚ ਪਛਮੀ ਕੈਂਪਸ ਅਤੇ ਨਜੱਫ਼ਗੜ੍ਹ ਦੇ ਰੋਸ਼ਨਪੁਰਾ ਵਿਚ ਅਤਿ-ਆਧੁਨਿਕ ਵੀਰ ਸਾਵਰਕਰ ਕਾਲਜ ਦੀ ਇਮਾਰਤ ਸ਼ਾਮਲ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਰਿਮੋਟ ਦਾ ਬਟਨ ਦਬਾ ਕੇ ਦੋ ਸ਼ਹਿਰੀ ਪੁਨਰ-ਵਿਕਾਸ ਪ੍ਰਾਜੈਕਟਾਂ, ਨੌਰੋਜੀ ਨਗਰ ਵਿਖੇ ਵਰਲਡ ਟਰੇਡ ਸੈਂਟਰ (ਡਬਲਯੂਟੀਸੀ) ਅਤੇ ਸਰੋਜਨੀ ਨਗਰ ਵਿਖੇ ਜਨਰਲ ਪੂਲ ਰਿਹਾਇਸ਼ੀ ਰਿਹਾਇਸ਼ (ਜੀਪੀਆਰਏ) ਟਾਈਪ-2 ਕੁਆਰਟਰ ਦਾ ਉਦਘਾਟਨ ਵੀ ਕੀਤਾ।
ਸਵਾਭਿਮਾਨ ਅਪਾਰਟਮੈਂਟ ਵਿਖੇ ਇਨ੍ਹਾਂ ਨਵੇਂ ਬਣੇ ਫ਼ਲੈਟਾਂ ਦੇ ਉਦਘਾਟਨ ਨਾਲ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਦੁਆਰਾ ਦੂਜੀ ਸਫ਼ਲ ਇਨ-ਸੀਟੂ ਸਲੱਮ ਪੁਨਰਵਾਸ ਯੋਜਨਾ ਪੂਰੀ ਹੋ ਗਈ। ਇਸ ਪ੍ਰਾਜੈਕਟ ਦਾ ਉਦੇਸ਼ ਦਿੱਲੀ ਵਿਚ ਝੁੱਗੀ-ਝੌਂਪੜੀ ਵਾਲਿਆਂ ਨੂੰ ਢੁਕਵੀਆਂ ਸਹੂਲਤਾਂ ਨਾਲ ਲੈਸ ਇਕ ਬਿਹਤਰ ਅਤੇ ਸਿਹਤਮੰਦ ਵਾਤਾਵਰਣ ਪ੍ਰਦਾਨ ਕਰਨਾ ਹੈ। ਇਨ੍ਹਾਂ ਫ਼ਲੈਟਾਂ ਦਾ ਉਦਘਾਟਨ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਪੂਰੇ ਸਵਾਭਿਮਾਨ ਅਪਾਰਟਮੈਂਟ ਦਾ ਮੁਆਇਨਾ ਕੀਤਾ ਅਤੇ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਦਿੱਲੀ ਦੇ ਦਵਾਰਕਾ ਵਿਚ ਕੇਂਦਰੀ ਸੈਕੰਡਰੀ ਸਿਖਿਆ ਬੋਰਡ (ਸੀਬੀਐਸਈ) ਦੇ ਏਕੀਕ੍ਰਿਤ ਦਫ਼ਤਰ ਕੰਪਲੈਕਸ ਦਾ ਉਦਘਾਟਨ ਵੀ ਕੀਤਾ। ਇਸ ’ਤੇ ਕਰੀਬ 300 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸ ਵਿਚ ਦਫ਼ਤਰ, ਆਡੀਟੋਰੀਅਮ, ਉੱਨਤ ਡੇਟਾ ਸੈਂਟਰ, ਵਿਆਪਕ ਜਲ ਪ੍ਰਬੰਧਨ ਪ੍ਰਣਾਲੀ ਆਦਿ ਸ਼ਾਮਲ ਹਨ। ਇਹ ਵਾਤਾਵਰਣ-ਅਨੁਕੂਲ ਇਮਾਰਤ ਉੱਚ ਵਾਤਾਵਰਣਕ ਮਾਪਦੰਡਾਂ ਅਨੁਸਾਰ ਬਣਾਈ ਗਈ ਹੈ ਅਤੇ ਇੰਡੀਅਨ ਗ੍ਰੀਨ ਬਿਲਡਿੰਗ ਕੌਂਸਲ (ਆਈਜੀਬੀਸੀ) ਦੇ ਪਲੈਟੀਨਮ ਰੇਟਿੰਗ ਮਾਪਦੰਡਾਂ ਅਨੁਸਾਰ ਡਿਜ਼ਾਈਨ ਕੀਤੀ ਗਈ ਹੈ।
ਇਨ੍ਹਾਂ ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਲੋਂ ਅਜਿਹੇ ਸਮੇਂ ਵਿਚ ਰਖਿਆ ਗਿਆ ਹੈ ਜਦੋਂ ਇਸ ਸਾਲ ਫ਼ਰਵਰੀ ਵਿਚ ਕੌਮੀ ਰਾਜਧਾਨੀ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਪ੍ਰੋਗਰਾਮ ਵਿਚ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟਰ, ਕੇਂਦਰੀ ਸਿਖਿਆ ਮੰਤਰੀ ਧਰਮਿੰਦਰ ਪ੍ਰਧਾਨ, ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਅਤੇ ਦਿੱਲੀ ਦੇ ਸਾਰੇ ਸੰਸਦ ਮੈਂਬਰ ਮੌਜੂਦ ਸਨ।