
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਬੰਗਲਾਦੇਸ਼ ਨਾਲ ਲਗਦੀ ਪਛਮੀ ਬੰਗਾਲ ਅਤੇ ਆਸਾਮ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਸੀਲ......
ਫਾਲਾਕਾਟਾ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਬੰਗਲਾਦੇਸ਼ ਨਾਲ ਲਗਦੀ ਪਛਮੀ ਬੰਗਾਲ ਅਤੇ ਆਸਾਮ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਸੀਲ ਕਰਨ ਲਈ ਤਕਨੀਕ ਦੀ ਵਰਤੋਂ ਕਰੇਗੀ। ਉਹ ਪਛਮੀ ਬੰਗਾਲ ਦੇ ਅਲੀਪੁਰਵਦਾਰ ਜ਼ਿਲ੍ਹੇ ਵਿਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਬੰਗਲਾਦੇਸ਼ੀ ਨਾਜਾਇਜ਼ ਤਰੀਕੇ ਨਾਲ ਪਛਮੀ ਬੰਗਾਲ ਵਿਚ ਵੜ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪਛਮੀ ਬੰਗਾਲ ਸਰਕਾਰ ਕੋਲੋਂ ਬੰਗਲਾਦੇਸ਼ ਨਾਲ ਲਗਦੀ ਸਰਹੱਦ ਨੂੰ ਸੀਲ ਕਰਨ ਲਈ ਤਾਰ ਲਾਉਣ ਵਾਸਤੇ ਜ਼ਮੀਨ ਮੰਗੀ ਸੀ
ਪਰ ਰਾਜ ਸਰਕਾਰ ਨੇ ਹਾਲੇ ਜ਼ਮੀਨ ਨਹੀਂ ਦਿਤੀ ਹੈ। ਉਨ੍ਹਾਂ ਕਿਹਾ, 'ਅਸੀਂ ਹੁਣ ਬੰਗਲਾਦੇਸ਼ ਨਾਲ ਲਗਦੀਆਂ ਦੋਵੇਂ ਸਰਹੱਦਾਂ ਨੂੰ ਵਿਆਪਕ ਏਕੀਕ੍ਰਿਤ ਸਰਹੱਦੀ ਪ੍ਰਬੰਧ ਪ੍ਰਣਾਲੀ ਜ਼ਰੀਏ ਸੀਲ ਕਰਨ ਲਈ ਤਕਨੀਕ ਦੀ ਵਰਤੋਂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਕਦਮ ਘੁਸਪੈਠ ਰੋਕਣ ਦੇ ਨਾਲ ਹੀ ਤਸਕਰੀ ਨੂੰ ਵੀ ਰੋਕੇਗਾ। ਉਨ੍ਹਾਂ ਕਿਹਾ ਕਿ ਮਮਤਾ ਦੇ ਰਾਜ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਰਾਜ ਵਿਚ ਕਰੀਬ 100 ਭਾਜਪਾ ਕਾਰਕੁਨਾਂ ਦੀ ਹਤਿਆ ਕੀਤੀ ਗਈ ਹੈ ਅਤੇ ਇਸ ਵਿਚ ਸ਼ਮੂਲੀਅਤ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਛਮੀ ਬੰਗਾਲ ਵਿਚ ਰਾਜਨੀਤਕ ਹਿੰਸਾ ਖ਼ਤਮ ਹੋਣੀ ਚਾਹੀਦੀ ਹੈ ਅਤੇ ਇਸ ਲਈ ਬੰਗਾਲ ਵਿਚ 2021 ਵਿਚ ਭਾਜਪਾ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ। (ਏਜੰਸੀ)