
ਸੂਬੇ ’ਚ 31 ਜਨਵਰੀ ਅਤੇ 1 ਫਰਵਰੀ ਨੂੰ ਕਈ ਹਿੱਸਿਆਂ ’ਚ ਦਰਮਿਆਨੀ ਤੋਂ ਭਾਰੀ ਬਰਫਬਾਰੀ ਹੋਈ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਕਈ ਦਿਨਾਂ ਤੋਂ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਤੋਂ ਬਾਅਦ ਚਾਰ ਕੌਮੀ ਰਾਜਮਾਰਗਾਂ ਸਮੇਤ 504 ਸੜਕਾਂ ਆਵਾਜਾਈ ਲਈ ਬੰਦ ਕਰ ਦਿਤੀਆਂ ਗਈਆਂ ਹਨ। ਮੌਸਮ ਵਿਭਾਗ ਨੇ ਐਤਵਾਰ ਨੂੰ ਸੂਬੇ ’ਚ ਕਈ ਥਾਵਾਂ ’ਤੇ ਭਾਰੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ।
ਸਥਾਨਕ ਮੌਸਮ ਵਿਭਾਗ ਨੇ ਸਨਿਚਰਵਾਰ ਨੂੰ ਕਈ ਥਾਵਾਂ ’ਤੇ ਤੂਫਾਨ ਅਤੇ ਬਿਜਲੀ ਡਿੱਗਣ ਅਤੇ ਐਤਵਾਰ ਨੂੰ ਕਈ ਥਾਵਾਂ ’ਤੇ ਭਾਰੀ ਬਰਫ਼ਬਾਰੀ ਦੇ ਨਾਲ ਤੂਫਾਨ ਅਤੇ ਗੜੇਮਾਰੀ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ।
ਸੂਬੇ ’ਚ 31 ਜਨਵਰੀ ਅਤੇ 1 ਫਰਵਰੀ ਨੂੰ ਕਈ ਹਿੱਸਿਆਂ ’ਚ ਦਰਮਿਆਨੀ ਤੋਂ ਭਾਰੀ ਬਰਫਬਾਰੀ ਹੋਈ। ਸੂਬਾ ਐਮਰਜੈਂਸੀ ਆਪਰੇਸ਼ਨ ਸੈਂਟਰ ਅਨੁਸਾਰ, ਸ਼ਿਮਲਾ (161), ਲਾਹੌਲ ਅਤੇ ਸਪੀਤੀ (153), ਕੁਲੂ (76) ਅਤੇ ਚੰਬਾ (62) ’ਚ ਸੱਭ ਤੋਂ ਵੱਧ ਸੜਕਾਂ ਬੰਦ ਰਹੀਆਂ। ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਦੇ ਅਧਿਕਾਰੀਆਂ ਨੇ ਦਸਿਆ ਕਿ ਸੜਕਾਂ ਤੋਂ ਬਰਫ ਹਟਾਉਣ ਲਈ ਸਫਾਈ ਮੁਹਿੰਮ ਜ਼ੋਰਾਂ ’ਤੇ ਹੈ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਠੰਢ ਦੀ ਸਥਿਤੀ ਬਣੀ ਰਹੀ, ਹਾਲਾਂਕਿ ਘੱਟੋ ਘੱਟ ਤਾਪਮਾਨ ’ਚ ਕੁੱਝ ਡਿਗਰੀ ਦਾ ਵਾਧਾ ਹੋਇਆ ਪਰ ਇਹ ਆਮ ਨਾਲੋਂ ਘੱਟ ਰਿਹਾ।