
5 ਫ਼ਰਵਰੀ ਦੀ ਲੜਾਈ ’ਚ ਏ.ਆਈ. ਕਾਰਟੂਨ ਅਤੇ ਰੋਡ ਸ਼ੋਅ ਰਹੇ ਪ੍ਰਮੁੱਖ ਹਥਿਆਰ
ਨਵੀਂ ਦਿੱਲੀ: ਦਿੱਲੀ ’ਚ 5 ਫ਼ਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸੋਮਵਾਰ ਸ਼ਾਮ 6 ਵਜੇ ਰੁਕ ਗਿਆ, ਜਿਸ ’ਚ ਤਿੰਨਾਂ ਵੱਡੀਆਂ ਪਾਰਟੀਆਂ ਨੇ ਵੋਟਰਾਂ ਨੂੰ ਲੁਭਾਉਣ ਲਈ ਰੋਡ ਸ਼ੋਅ, ਜਨਤਕ ਮੀਟਿੰਗਾਂ, ਪੈਦਲ ਯਾਤਰਾਵਾਂ ਅਤੇ ਬਾਈਕ ਰੈਲੀਆਂ ਕੀਤੀਆਂ।
ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਲਾਜ਼ਮੀ ਸ਼ਾਂਤੀ ਦਾ ਸਮਾਂ ਸ਼ੁਰੂ ਹੋ ਗਿਆ, ਜੋ ਬੁਧਵਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਣ ਤਕ ਲਾਗੂ ਰਹੇਗਾ।
ਆਮ ਆਦਮੀ ਪਾਰਟੀ ਨੂੰ ਅਪਣੇ ਸ਼ਾਸਨ ਰੀਕਾਰਡ ਅਤੇ ਭਲਾਈ ਸਕੀਮਾਂ ਨੂੰ ਉਜਾਗਰ ਕਰਦੇ ਹੋਏ ਲਗਾਤਾਰ ਤੀਜੀ ਵਾਰ ਸੱਤਾ ਹਾਸਲ ਕਰਨ ਦਾ ਭਰੋਸਾ ਹੈ। ਚੋਣ ਪ੍ਰਚਾਰ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨਾਲ ਤਿੰਨ ਰੈਲੀਆਂ ਨੂੰ ਸੰਬੋਧਨ ਕੀਤਾ।
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 25 ਸਾਲ ਤੋਂ ਵੱਧ ਸਮੇਂ ਬਾਅਦ ਦਿੱਲੀ ’ਚ ਸੱਤਾ ਹਾਸਲ ਕਰਨ ਦੇ ਟੀਚੇ ਨਾਲ ਸ਼ਹਿਰ ਭਰ ’ਚ 22 ਰੋਡ ਸ਼ੋਅ ਅਤੇ ਰੈਲੀਆਂ ਕੀਤੀਆਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਜੇ.ਪੀ. ਨੱਢਾ ਅਤੇ ਭਾਜਪਾ ਦੇ ਕਈ ਮੁੱਖ ਮੰਤਰੀ ਸੋਮਵਾਰ ਨੂੰ ਚੋਣ ਪ੍ਰਚਾਰ ’ਚ ਸੱਭ ਤੋਂ ਅੱਗੇ ਸਨ।
ਪਿਛਲੀਆਂ ਦੋ ਚੋਣਾਂ ’ਚ ਕੋਈ ਵੀ ਸੀਟ ਨਾ ਜਿੱਤਣ ਤੋਂ ਬਾਅਦ ਮੁੜ ਸੁਰਜੀਤੀ ਦੀ ਕੋਸ਼ਿਸ਼ ਕਰ ਰਹੀ ਕਾਂਗਰਸ ਨੇ ਵੀ ਅਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਹਨ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਕਾਲਕਾਜੀ ਅਤੇ ਕਸਤੂਰਬਾ ਨਗਰ ’ਚ ਵੱਖ-ਵੱਖ ਰੋਡ ਸ਼ੋਅ ਕੀਤੇ, ਜਿਸ ਦਾ ਉਦੇਸ਼ ਰਾਜਧਾਨੀ ’ਚ ਪਾਰਟੀ ਦੇ ਗੁਆਚੇ ਪੈਰ ਮੁੜ ਹਾਸਲ ਕਰਨਾ ਸੀ।
ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਅਨੁਸਾਰ, 13,766 ਪੋਲਿੰਗ ਸਟੇਸ਼ਨਾਂ ’ਤੇ 1.56 ਕਰੋੜ ਵੋਟਰ ਅਪਣੀ ਵੋਟ ਪਾਉਣ ਦੇ ਯੋਗ ਹਨ। ਇਨ੍ਹਾਂ ’ਚੋਂ 83.76 ਲੱਖ ਪੁਰਸ਼, 72.36 ਲੱਖ ਔਰਤਾਂ ਅਤੇ 1,267 ਤੀਜੇ ਲਿੰਗ ਦੇ ਵੋਟਰ ਹਨ। ਪਹੁੰਚ ਨੂੰ ਯਕੀਨੀ ਬਣਾਉਣ ਲਈ ਦਿਵਿਆਂਗ ਵਿਅਕਤੀਆਂ ਲਈ 733 ਪੋਲਿੰਗ ਸਟੇਸ਼ਨ ਨਿਰਧਾਰਤ ਕੀਤੇ ਗਏ ਹਨ। ਚੋਣ ਕਮਿਸ਼ਨ ਨੇ ਕਤਾਰ ਪ੍ਰਬੰਧਨ ਪ੍ਰਣਾਲੀ (ਕਿਊ.ਐਮ.ਐਸ.) ਮੋਬਾਈਲ ਐਪ ਵੀ ਪੇਸ਼ ਕੀਤੀ ਹੈ, ਜਿਸ ਨਾਲ ਵੋਟਰ ਪੋਲਿੰਗ ਸਟੇਸ਼ਨਾਂ ’ਤੇ ਰੀਅਲ ਟਾਈਮ ’ਚ ਭੀੜ ਦੇ ਪੱਧਰ ਦੀ ਨਿਗਰਾਨੀ ਕਰ ਸਕਦੇ ਹਨ।