
2002 ਦੇ ਗੋਧਰਾ ਰੇਲ ਕਤਲੇਆਮ ਮਾਮਲੇ ’ਚ ਕੱਟ ਰਿਹਾ ਸੀ ਉਮਰ ਕੈਦ
ਪੁਣੇ: ਸਾਲ 2002 ਦੇ ਗੋਧਰਾ ਰੇਲ ਕਤਲੇਆਮ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 55 ਸਾਲ ਦੇ ਸਲੀਮ ਜ਼ਰਦਾ ਨੂੰ ਚੋਰੀ ਦੇ ਇਕ ਮਾਮਲੇ ’ਚ ਸ਼ਾਮਲ ਹੋਣ ਦੇ ਦੋਸ਼ ’ਚ ਮਹਾਰਾਸ਼ਟਰ ਦੇ ਪੁਣੇ ’ਚ ਗ੍ਰਿਫਤਾਰ ਕੀਤਾ ਗਿਆ ਹੈ। ਜ਼ਰਦਾ, ਜਿਸ ਨੂੰ ਪਹਿਲਾਂ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ ’ਚ ਉਮਰ ਕੈਦ ’ਚ ਬਦਲ ਦਿਤਾ ਗਿਆ ਸੀ, ਪਿਛਲੇ ਸਾਲ ਸਤੰਬਰ ’ਚ ਪੈਰੋਲ ’ਤੇ ਜੇਲ ਤੋਂ ਬਾਹਰ ਆਇਆ ਸੀ ਅਤੇ ਫਰਾਰ ਹੋ ਗਿਆ ਸੀ।
ਜ਼ਰਦਾ ਨੂੰ ਪੁਣੇ ਦਿਹਾਤੀ ਪੁਲਿਸ ਨੇ 22 ਜਨਵਰੀ ਨੂੰ ਉਸ ਦੇ ਗਿਰੋਹ ਦੇ ਮੈਂਬਰਾਂ ਨਾਲ ਖੜ੍ਹੇ ਟਰੱਕ ਤੋਂ 2.49 ਲੱਖ ਰੁਪਏ ਤੋਂ ਵੱਧ ਕੀਮਤ ਦੇ 40 ਟਾਇਰ ਚੋਰੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਚੋਰੀ ਦਾ ਸਾਮਾਨ ਅਤੇ 14.4 ਲੱਖ ਰੁਪਏ ਦੀ ਕੀਮਤ ਦਾ ਇਕ ਟੈਂਪੂ ਟਰੱਕ ਵੀ ਬਰਾਮਦ ਕੀਤਾ। ਜ਼ਰਦਾ ਨੂੰ ਨਾਸਿਕ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਹੈ ਅਤੇ ਪੁਣੇ ਪੁਲਿਸ ਚੋਰੀ ਦੇ ਇਕ ਹੋਰ ਮਾਮਲੇ ’ਚ ਉਸ ਦੀ ਹਿਰਾਸਤ ਦੀ ਮੰਗ ਕਰੇਗੀ।