
Bihar News: ਪੁਲਿਸ ਨੇ ਕਾਰਵਾਈ ਕਰਦਿਆਂ ਮਤਰੇਈ ਮਾਂ ਨੂੰ ਕੀਤਾ ਗ੍ਰਿਫ਼ਤਾਰ
Bihar News: ਬਿਹਾਰ ਦੇ ਬਕਸਰ ਜ਼ਿਲ੍ਹੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਮਤਰੇਈ ਮਾਂ ਨੇ 8 ਸਾਲ ਦੀ ਬੱਚੀ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਜਿਸ ਤੋਂ ਬਾਅਦ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਜਦੋਂ ਲਾਸ਼ ਪੂਰੀ ਤਰ੍ਹਾਂ ਸੜ ਨਾ ਸਕੀ ਤਾਂ ਇਸ ਨੂੰ ਸੀਮਿੰਟ ਦੀ ਬੋਰੀ ਵਿਚ ਪੈਕ ਕਰ ਕੇ ਘਰ ਦੇ ਇਕ ਬਕਸੇ ਵਿਚ ਛੁਪਾ ਦਿਤਾ। ਲੜਕੀ ਦੇ ਪਿਤਾ ਨੇ ਦਸਿਆ ਕਿ ਉਸ ਦੀ 8 ਸਾਲਾ ਬੇਟੀ ਆਂਚਲ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ। ਇਸ ਸਬੰਧੀ ਪ੍ਰਵਾਰਕ ਮੈਂਬਰਾਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ। ਇਸ ਦੇ ਬਾਵਜੂਦ ਬੇਟੀ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।
ਜਾਣਕਾਰੀ ਮੁਤਾਬਕ ਸਨਿਚਰਵਾਰ ਰਾਤ ਜਦੋਂ ਆਂਚਲ ਦੀ ਅਪਾਹਜ ਦਾਦੀ, ਜੋ ਬੋਲ ਨਹੀਂ ਸਕਦੀ ਸੀ, ਨੇ ਘਰ ’ਚ ਰਖਿਆ ਬਾਕਸ ਖੋਲ੍ਹਿਆ ਤਾਂ ਉਸ ’ਚੋਂ ਬਦਬੂ ਆ ਰਹੀ ਸੀ। ਬਕਸੇ ਵਿਚ ਸੀਮਿੰਟ ਦੀ ਬੋਰੀ ਰੱਖੀ ਹੋਈ ਸੀ, ਜਿਸ ਵਿਚ ਲੜਕੀ ਦੀ ਅੱਧ ਸੜੀ ਹੋਈ ਲਾਸ਼ ਰੱਖੀ ਹੋਈ ਸੀ। ਦਾਦੀ ਨੇ ਪ੍ਰਵਾਰਕ ਮੈਂਬਰਾਂ ਨੂੰ ਬਾਕਸ ਤਕ ਖਿੱਚਿਆ ਅਤੇ ਉਨ੍ਹਾਂ ਨੂੰ ਲਾਸ਼ ਦਿਖਾਈ। ਘਰ ਦੇ ਇਕ ਬਕਸੇ ਵਿਚ ਬੱਚੀ ਦੀ ਅੱਧ ਸੜੀ ਹੋਈ ਲਾਸ਼ ਦੇਖ ਕੇ ਲੋਕ ਹੈਰਾਨ ਰਹਿ ਗਏ। ਘਟਨਾ ਡੁਮਰਾਓਂ ਉਪਮੰਡਲ ਦੇ ਪਿੰਡ ਨਯਾ ਭੋਜਪੁਰ ਦੇ ਵਾਰਡ ਨੰਬਰ 8 ਦੀ ਦੱਸੀ ਜਾ ਰਹੀ ਹੈ।
ਮਾਮਲੇ ਦਾ ਪ੍ਰਗਟਾਵਾ ਕਰਦਿਆਂ ਪੁਲਿਸ ਨੇ ਦਸਿਆ ਕਿ ਆਂਚਲ ਦਾ ਕਤਲ ਉਸਦੀ ਮਤਰੇਈ ਮਾਂ ਸੀਮਾ ਦੇਵੀ ਨੇ ਕੀਤਾ ਸੀ। ਕਤਲ ਤੋਂ ਬਾਅਦ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਲਾਸ਼ ਪੂਰੀ ਤਰ੍ਹਾਂ ਸੜੀ ਨਹੀਂ ਸੀ ਤਾਂ ਘਰ ਦੇ ਇਕ ਬਕਸੇ ਵਿਚ ਛੁਪਾ ਦਿਤੀ ਸੀ। ਪੁਲਿਸ ਨੇ ਅੱਗੇ ਦਸਿਆ ਕਿ ਬੱਚੀ ਦੇ ਕਤਲ ਮਾਮਲੇ ’ਚ ਮਤਰੇਈ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਛ ਗਿਛ ਜਾਰੀ ਹੈ। ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।