
ਕੋਰੋਨਾ ਵਾਇਰਸ ਨੇ ਭਾਰਤ ਵਿਚ ਵੀ ਦਸਤਕ ਦੇ ਦਿੱਤੀ ਹੈ। ਦੋ ਨਾਗਰਿਕਾਂ ਵਿਚ ਇਸ ਦੀ ਪੁਸ਼ਟੀ ਹੋਈ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਭਾਰਤ ਵਿਚ ਵੀ ਦਸਤਕ ਦੇ ਦਿੱਤੀ ਹੈ। ਦੋ ਨਾਗਰਿਕਾਂ ਵਿਚ ਇਸ ਦੀ ਪੁਸ਼ਟੀ ਹੋਈ ਹੈ। ਇਕ ਪੀੜਤ ਦਿੱਲੀ ਦਾ ਰਹਿਣ ਵਾਲਾ ਹੈ। ਦਿੱਲੀ ਦੇ ਰਹਿਣ ਵਾਲੇ ਪੀੜਤ ਵਿਅਕਤੀ ਨੇ ਹਾਲ ਹੀ ਵਿਚ ਇਟਲੀ ਦੀ ਯਾਤਰਾ ਕੀਤੀ ਸੀ। ਉਸ ਦੇ ਦੋਵੇਂ ਬੱਚੇ ਨੋਇਡਾ ਦੇ ਸ਼੍ਰੀਰਾਮ ਮਿਲੇਨੀਅਮ ਸਕੂਲ ਵਿਚ ਪੜ੍ਹਦੇ ਹਨ।
ਇਸ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਵਾਇਰਸ ਨਾਲ ਪੀੜਤ ਵਿਅਕਤੀ ਦੇ ਬੱਚਿਆਂ ਦੀ ਜਾਂਚ ਵੀ ਕੀਤੀ ਗਈ ਹੈ, ਬੱਚਿਆਂ ਵਿਚ ਬਿਮਾਰੀ ਦੇ ਲੱਛਣ ਨਹੀਂ ਮਿਲੇ ਹਨ। ਸੀਐਮਓ ਦਾ ਕਹਿਣਾ ਹੈ ਕਿ ਫਿਲਹਾਲ ਸਕੂਲ ਇਕ-ਦੋ ਦਿਨ ਬੰਦ ਰਹੇਗਾ। ਇਸ ਦੌਰਾਨ ਇਸ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਦੱਸ ਦਈਏ ਕਿ ਇਟਲੀ ਤੋਂ ਵਾਪਸ ਆਉਣ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਪੀੜਤ ਵਿਅਕਤੀ ਨੇ ਨੋਇਡਾ ਵਿਚ ਕਈ ਲੋਕਾਂ ਲਈ ਪਾਰਟੀ ਰੱਖੀ ਸੀ।
ਇਹ ਪਾਰਟੀ ਆਗਰਾ ਵਿਚ ਕੀਤੀ ਗਈ। ਜਿਵੇਂ ਹੀ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਫੈਸਲਾ ਲਿਆ ਗਿਆ ਕਿ ਪਾਰਟੀ ਵਿਚ ਸ਼ਾਮਿਲ ਲੋਕਾਂ ਦੀ ਨਿਗਰਾਨੀ ਕੀਤੀ ਜਾਵੇਗੀ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪਾਰਟੀ ਵਿਚ ਨੋਇਡਾ ਦੇ ਇਕ ਨਿੱਜੀ ਸਕੂਲ ਦੇ 2 ਵਿਦਿਆਰਥੀਆਂ ਸਮੇਤ ਕੁੱਲ 5 ਲੋਕ ਸ਼ਾਮਲ ਹੋਏ ਸੀ।
ਇਸ ਦੀ ਜਾਣਕਾਰੀ ਮਿਲਦੇ ਸਿਹਤ ਵਿਭਾਗ ਵੀ ਅਲਰਟ ਹੋ ਗਿਆ ਹੈ। ਇਹਨਾਂ ਪੰਜ ਲੋਕਾਂ ਦੀ ਜਾਂਚ ਗ੍ਰੇਟਰ ਨੋਇਡਾ ਦੇ ਆਯੂਰਵੈਦਿਕ ਕਾਲਜ ਵਿਚ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਕ ਨਾਮੀ ਸਕੂਲ ਵੱਲੋਂ ਸਵੇਰੇ 11 ਵਜੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਫੋਨ ਕੀਤਾ ਗਿਆ। ਸਕੂਲ ਵੱਲੋਂ ਅਪੀਲ ਕੀਤੀ ਗਈ ਕਿ ਜੇਕਰ ਉਹਨਾਂ ਦੇ ਬੱਚਿਆਂ ਨੂੰ ਜੁਕਾਮ, ਸਰਦੀ ਹੈ ਤਾਂ ਉਹਨਾਂ ਨੂੰ ਸਕੂਲ ਨਾ ਭੇਜੋ।