
ਵਿਕਸਤ ਭਾਰਤ ਲਈ ਵਿਜ਼ਨ ਦਸਤਾਵੇਜ਼ ’ਤੇ ਹੋਇਆ ਵਿਚਾਰ-ਵਟਾਂਦਰਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੈਬਨਿਟ ਦੀ ਬੈਠਕ ਦੀ ਪ੍ਰਧਾਨਗੀ ਕੀਤੀ ਜਿਸ ’ਚ ‘ਵਿਕਸਤ ਭਾਰਤ: 2047’ ਲਈ ਦ੍ਰਿਸ਼ਟੀ ਪੱਤਰ ਅਤੇ ਅਗਲੇ ਪੰਜ ਸਾਲਾਂ ਲਈ ਵਿਸਥਾਰਤ ਕਾਰਜ ਯੋਜਨਾ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸਰਕਾਰ ਦੇ ਸੂਤਰਾਂ ਨੇ ਦਸਿਆ ਕਿ ਬੈਠਕ ’ਚ ਮਈ ’ਚ ਨਵੀਂ ਸਰਕਾਰ ਦੇ ਗਠਨ ਤੋਂ ਤੁਰਤ ਬਾਅਦ ਚੁਕੇ ਜਾਣ ਵਾਲੇ ਕਦਮਾਂ ਦੇ ਹਿੱਸੇ ਵਜੋਂ 100 ਦਿਨਾਂ ਦੇ ਏਜੰਡੇ ਨੂੰ ਜਲਦੀ ਲਾਗੂ ਕਰਨ ’ਤੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਲਈ ‘ਰੋਡਮੈਪ’ ਦੋ ਸਾਲਾਂ ਤੋਂ ਵੱਧ ਸਮੇਂ ਦੀ ਤਿਆਰੀ ਦਾ ਨਤੀਜਾ ਹੈ।
ਸੂਤਰਾਂ ਨੇ ਕਿਹਾ ਕਿ ਇਸ ’ਚ ਸਾਰੇ ਮੰਤਰਾਲਿਆਂ ਅਤੇ ਸੂਬਾ ਸਰਕਾਰਾਂ, ਅਕਾਦਮਿਕ, ਉਦਯੋਗ ਸੰਸਥਾਵਾਂ, ਸਿਵਲ ਸੁਸਾਇਟੀ ਸੰਸਥਾਵਾਂ, ਵਿਗਿਆਨਕ ਸੰਸਥਾਵਾਂ ਅਤੇ ਨੌਜੁਆਨਾਂ ਦੇ ਸੁਝਾਵਾਂ ਨੂੰ ਸ਼ਾਮਲ ਕਰਦਿਆਂ ‘ਸਰਕਾਰ ਦੀ ਸਮੁੱਚੀ ਪਹੁੰਚ’ ਨਾਲ ਵਿਆਪਕ ਸਲਾਹ-ਮਸ਼ਵਰਾ ਸ਼ਾਮਲ ਹੈ। ਇਸ ਬਾਰੇ ਇਕ ਅਧਿਕਾਰੀ ਨੇ ਕਿਹਾ ਕਿ ਵੱਖ-ਵੱਖ ਪੱਧਰਾਂ ’ਤੇ 2700 ਤੋਂ ਵੱਧ ਮੀਟਿੰਗਾਂ, ਵਰਕਸ਼ਾਪਾਂ ਅਤੇ ਸੈਮੀਨਾਰ ਕੀਤੇ ਗਏ। 20 ਲੱਖ ਤੋਂ ਵੱਧ ਨੌਜੁਆਨਾਂ ਤੋਂ ਸੁਝਾਅ ਪ੍ਰਾਪਤ ਹੋਏ।
ਸੂਤਰਾਂ ਨੇ ਕਿਹਾ ਕਿ ਵਿਕਸਤ ਭਾਰਤ ਲਈ ਰੋਡਮੈਪ ਦਾ ਵਿਆਪਕ ਖਾਕਾ ਹੈ, ਜਿਸ ਵਿਚ ਕੌਮੀ ਦ੍ਰਿਸ਼ਟੀਕੋਣ, ਇੱਛਾਵਾਂ, ਟੀਚਿਆਂ ਅਤੇ ਕਾਰਵਾਈਆਂ ਨੂੰ ਸਪੱਸ਼ਟ ਤੌਰ ’ਤੇ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਟੀਚਿਆਂ ’ਚ ਆਰਥਕ ਵਿਕਾਸ, ਟਿਕਾਊ ਵਿਕਾਸ ਟੀਚੇ (ਐਸ.ਡੀ.ਜੀ.), ਜੀਵਨ ਨੂੰ ਸੁਖਾਲਾ ਬਣਾਉਣਾ, ਕਾਰੋਬਾਰ ਕਰਨ ’ਚ ਅਸਾਨਤਾ, ਬੁਨਿਆਦੀ ਢਾਂਚਾ ਅਤੇ ਸਮਾਜ ਭਲਾਈ ਸ਼ਾਮਲ ਹਨ। ਮੀਟਿੰਗ ’ਚ ਕਈ ਮੰਤਰਾਲਿਆਂ ਨੇ ਅਪਣੇ ਵਿਚਾਰ ਪ੍ਰਗਟ ਕੀਤੇ। ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਤੋਂ ਪਹਿਲਾਂ ਇਹ ਸ਼ਾਇਦ ਆਖਰੀ ਅਜਿਹੀ ਮੀਟਿੰਗ ਹੈ।