ਲੋਕ ਸਭਾ ਚੋਣਾਂ ਦੇ ਸੰਭਾਵਤ ਐਲਾਨ ਤੋਂ ਪਹਿਲਾਂ ਦੇਸ਼ ਦੇ ਹਰ ਹਿੱਸੇ ’ਚ ਕਰਨਗੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੇ ਸੰਭਾਵਤ ਐਲਾਨ ਤੋਂ ਪਹਿਲਾਂ ਅਗਲੇ 10 ਦਿਨਾਂ ’ਚ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 29 ਪ੍ਰੋਗਰਾਮਾਂ ’ਚ ਹਿੱਸਾ ਲੈਣਗੇ। ਅਧਿਕਾਰੀਆਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਤੇਲੰਗਾਨਾ, ਤਾਮਿਲਨਾਡੂ, ਓਡੀਸ਼ਾ, ਪਛਮੀ ਬੰਗਾਲ, ਬਿਹਾਰ, ਜੰਮੂ-ਕਸ਼ਮੀਰ, ਅਸਾਮ, ਅਰੁਣਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ ਅਤੇ ਦਿੱਲੀ ਜਾਣਗੇ।
ਅਧਿਕਾਰੀਆਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਸੋਮਵਾਰ ਨੂੰ ਤੇਲੰਗਾਨਾ ਦੇ ਆਦਿਲਾਬਾਦ ’ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਬਾਅਦ ’ਚ ਤਾਮਿਲਨਾਡੂ ਦੇ ਕਲਪਕਮ ’ਚ ਭਾਰਤੀ ਨਾਭਿਕੀਆ ਬਿਜਲੀ ਨਿਗਮ ਲਿਮਟਿਡ (ਭਾਵਿਨੀ) ਦਾ ਦੌਰਾ ਕਰਨਗੇ।
ਅਧਿਕਾਰੀਆਂ ਨੇ ਦਸਿਆ ਕਿ ਉਹ ਆਦਿਲਾਬਾਦ ਦੇ ਨਾਲ-ਨਾਲ ਚੇਨਈ ’ਚ ਰੈਲੀਆਂ ਨੂੰ ਵੀ ਸੰਬੋਧਨ ਕਰਨਗੇ। ਮੋਦੀ 5 ਮਾਰਚ ਨੂੰ ਤੇਲੰਗਾਨਾ ਦੇ ਸੰਗਾਰੈਡੀ ’ਚ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਓਡੀਸ਼ਾ ’ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰਖਣਗੇ। ਅਧਿਕਾਰੀਆਂ ਮੁਤਾਬਕ ਮੋਦੀ ਪਛਮੀ ਬੰਗਾਲ ਰਵਾਨਾ ਹੋਣ ਤੋਂ ਪਹਿਲਾਂ ਓਡੀਸ਼ਾ ’ਚ ਇਕ ਰੈਲੀ ਨੂੰ ਸੰਬੋਧਨ ਕਰਨਗੇ।
6 ਮਾਰਚ ਨੂੰ ਉਹ ਕੋਲਕਾਤਾ ’ਚ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਬਾਰਾਸਤ ’ਚ ਇਕ ਰੈਲੀ ਨੂੰ ਸੰਬੋਧਨ ਕਰਨਗੇ। ਅਧਿਕਾਰੀਆਂ ਨੇ ਦਸਿਆ ਕਿ ਇਸ ਤੋਂ ਬਾਅਦ ਮੋਦੀ ਬੇਤੀਆ ’ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਲਈ ਬਿਹਾਰ ਜਾਣਗੇ।
ਪ੍ਰਧਾਨ ਮੰਤਰੀ 7 ਮਾਰਚ ਨੂੰ ਜੰਮੂ-ਕਸ਼ਮੀਰ ’ਚ ਹੋਣਗੇ ਅਤੇ ਸ਼ਾਮ ਨੂੰ ਦਿੱਲੀ ’ਚ ਇਕ ਪ੍ਰੋਗਰਾਮ ’ਚ ਸ਼ਾਮਲ ਹੋਣਗੇ। 8 ਮਾਰਚ ਨੂੰ ਉਹ ਦਿੱਲੀ ’ਚ ਪਹਿਲੇ ਕੌਮੀ ਸਿਰਜਕ ਪੁਰਸਕਾਰ ’ਚ ਹਿੱਸਾ ਲੈਣਗੇ ਅਤੇ ਫਿਰ ਸ਼ਾਮ ਨੂੰ ਅਸਾਮ ਲਈ ਰਵਾਨਾ ਹੋਣਗੇ। ਮੋਦੀ ਅਰੁਣਾਚਲ ਪ੍ਰਦੇਸ਼ ਦੇ ਪਛਮੀ ਕਾਮੇਂਗ ’ਚ ਸੇਲਾ ਸੁਰੰਗ ਦਾ ਉਦਘਾਟਨ ਕਰਨਗੇ ਅਤੇ ਫਿਰ ਈਟਾਨਗਰ ’ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ।
ਇਸ ਤੋਂ ਬਾਅਦ ਉਹ ਅਸਾਮ ਦੇ ਜੋਰਹਾਟ ’ਚ ਅਹੋਮ ਰਾਜ ਦੇ ਮਹਾਨ ਜਰਨੈਲ ਲਚਿਤ ਬੋਰਫੁਕਨ ਦੀ ਮੂਰਤੀ ਦਾ ਉਦਘਾਟਨ ਕਰਨਗੇ। ਅਧਿਕਾਰੀਆਂ ਨੇ ਦਸਿਆ ਕਿ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜੋਰਹਾਟ ’ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰਖਣਗੇ।
ਉਨ੍ਹਾਂ ਕਿਹਾ ਕਿ 10 ਮਾਰਚ ਨੂੰ ਮੋਦੀ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ’ਚ ਵੱਖ-ਵੱਖ ਪ੍ਰਾਜੈਕਟ ਦੇਸ਼ ਨੂੰ ਸਮਰਪਿਤ ਕਰਨਗੇ। ਮੋਦੀ 11 ਮਾਰਚ ਨੂੰ ਦਿੱਲੀ ’ਚ ‘ਨਮੋ ਡਰੋਨ ਦੀਦੀ’ ਅਤੇ ‘ਲਖਪਤੀ ਦੀਦੀ’ ਨਾਲ ਜੁੜੇ ਇਕ ਪ੍ਰੋਗਰਾਮ ’ਚ ਹਿੱਸਾ ਲੈਣਗੇ ਅਤੇ ਬਾਅਦ ’ਚ ਦੁਆਰਕਾ ਐਕਸਪ੍ਰੈਸਵੇਅ ਦੇ ਹਰਿਆਣਾ ਹਿੱਸੇ ਦਾ ਉਦਘਾਟਨ ਕਰਨਗੇ। ਉਸੇ ਸ਼ਾਮ ਨੂੰ ਉਹ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੇ ਇਕ ਪ੍ਰੋਗਰਾਮ ’ਚ ਹਿੱਸਾ ਲੈਣਗੇ।
ਮੋਦੀ 12 ਮਾਰਚ ਨੂੰ ਗੁਜਰਾਤ ਦੇ ਸਾਬਰਮਤੀ ਅਤੇ ਰਾਜਸਥਾਨ ਦੇ ਪੋਖਰਨ ਜਾਣਗੇ ਅਤੇ ਫਿਰ 13 ਮਾਰਚ ਨੂੰ ਵੀਡੀਉ ਕਾਨਫਰੰਸਿੰਗ ਰਾਹੀਂ ਗੁਜਰਾਤ ਅਤੇ ਅਸਾਮ ’ਚ ਤਿੰਨ ਮਹੱਤਵਪੂਰਨ ਸੈਮੀਕੰਡਕਟਰ ਪ੍ਰਾਜੈਕਟਾਂ ਦਾ ਨੀਂਹ ਪੱਥਰ ਰਖਣਗੇ।