
ਸਰਕਾਰ ਵਿਰੁਧ 'ਤਾਨਾਸ਼ਾਹੀ ਰਵਈਆ' ਅਪਣਾਉਣ ਦਾ ਦੋਸ਼ ਲਾਉਂਦਿਆਂ ਕਾਂਗਰਸ ਮੈਂਬਰਾਂ ਨੇ ਅੱਜ ਲੋਕ ਸਭਾ ਵਿਚ ਵੱਖ ਵੱਖ ਮੁੱਦਿਆਂ 'ਤੇ ਸਰਕਾਰ ਵਿਰੋਧੀ ਨਾਹਰੇ ਲਾਏ ਜਿਸ ਕਾਰਨ ਸਦਨ
ਨਵੀਂ ਦਿੱਲੀ, 26 ਜੁਲਾਈ : ਸਰਕਾਰ ਵਿਰੁਧ 'ਤਾਨਾਸ਼ਾਹੀ ਰਵਈਆ' ਅਪਣਾਉਣ ਦਾ ਦੋਸ਼ ਲਾਉਂਦਿਆਂ ਕਾਂਗਰਸ ਮੈਂਬਰਾਂ ਨੇ ਅੱਜ ਲੋਕ ਸਭਾ ਵਿਚ ਵੱਖ ਵੱਖ ਮੁੱਦਿਆਂ 'ਤੇ ਸਰਕਾਰ ਵਿਰੋਧੀ ਨਾਹਰੇ ਲਾਏ ਜਿਸ ਕਾਰਨ ਸਦਨ ਦੀ ਕਾਰਵਾਈ 'ਚ ਅੜਿੱਕਾ ਪਿਆ ਅਤੇ ਬੈਠਕ ਨੂੰ ਸਾਢੇ 12 ਵਜੇ ਕਰੀਬ 15 ਮਿੰਟ ਲਈ ਰੋਕਣਾ ਪਿਆ।
ਸਵਰੇ ਪ੍ਰਸ਼ਨ ਕਾਲ ਸ਼ੁਰੂ ਹੁੰਦਿਆਂ ਹੀ ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਮਲਿਕਾਅਰਜੁਨ ਖੜਗੇ ਨੇ ਗਊ ਰਖਿਅਕਾਂ ਦਾ ਮਾਮਲਾ ਚੁਕਿਆ ਪਰ ਸਪੀਕਰ ਸੁਮਿਤਰਾ ਮਹਾਜਨ ਨੇ ਕਿਹਾ ਕਿ ਉਹ ਪ੍ਰਸ਼ਨ ਕਾਲ ਵਿਚ ਕੋਈ ਹੋਰ ਮੁੱਦਾ ਚੁੱਕਣ ਦੀ ਆਗਿਆ ਨਹੀਂ ਦੇਣਗੇ। ਫਿਰ ਕਾਂਗਰਸ ਮੈਂਬਰ ਸਪੀਕਰ ਅੱਗੇ ਆ ਕੇ ਨਾਹਰੇਬਾਜ਼ੀ ਕਰਨ ਲੱਗੇ ਅਤੇ ਕੁੱਝ ਦੇਰ ਬਾਅਦ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਵੀ ਉਨ੍ਹਾਂ ਨਾਲ ਆ ਗਏ।
ਪੂਰੇ ਪ੍ਰਸ਼ਨ ਕਾਲ ਵਿਚ ਕਾਂਗਰਸ ਮੈਂਬਰਾਂ ਦੀ ਨਾਹਰੇਬਾਜ਼ੀ ਜਾਰੀ ਰਹੀ ਅਤੇ ਕਾਂਗਰਸੀ ਮੈਂਬਰ ਗਊ ਰਖਿਅਕਾਂ ਦੁਆਰਾਂ ਲੋਕਾਂ ਦੀ ਕੁੱਟਮਾਰ ਤੇ ਹਤਿਆ ਕੀਤੇ ਜਾਣ ਅਤੇ ਕਿਸਾਨਾਂ ਦੀ ਬਦਹਾਲੀ ਦੇ ਮਾਮਲੇ ਚੁਕਦੇ ਰਹੇ। ਵਿਦੇਸ਼ ਮੰਤਰੀ ਨੇ ਇਰਾਕ 'ਚ ਲਾਪਤਾ ਭਾਰਤੀਆਂ ਬਾਰੇ ਬਿਆਨ ਦੇਣਾ ਸੀ ਪਰ ਨਾਹਰੇਬਾਜ਼ੀ ਤੇ ਹੰਗਾਮੇ ਕਾਰਨ ਉਹ ਬਿਆਨ ਨਾ ਦੇ ਸਕੇ। ਫਿਰ ਸਪੀਕਰ ਨੇ ਸਾਢੇ 12 ਵਜੇ ਸਦਨ ਦੀ ਕਾਰਵਾਈ 15 ਮਿੰਟ ਲਈ ਰੋਕ ਦਿਤੀ। ਸਵਾ ਦੋ ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ 'ਤੇ ਕਾਂਗਰਸੀ ਮੈਂਬਰਾਂ ਦਾ ਹੰਗਾਮਾ ਫਿਰ ਸ਼ੁਰੂ ਹੋ ਗਿਆ। ਕਾਂਗਰਸ ਮੈਂਬਰ ਅਪਣੀ ਪਾਰਟੀ ਦੇ ਛੇ ਮੈਂਬਰਾਂ ਦੀ ਮੁਅੱਤਲੀ ਨੂੰ ਵਾਪਸ ਲੈਣ ਅਤੇ ਭਾਜਪਾ ਦੇ ਅਨੁਰਾਗ ਠਾਕੁਰ ਦੁਆਰਾ ਸਦਨ ਦੀ ਕਾਰਵਾਈ ਦੀ ਮੋਬਾਈਲ ਨਾਲ ਵੀਡੀਉ ਬਣਾਉਣ ਕਾਰਨ ਉਸ ਨੂੰ ਵੀ ਭਗਵੰਤ ਮਾਨ ਵਾਂਗ ਸਦਨ ਤੋਂ ਮੁਅੱਤਲ ਕਰਨ ਦੀ ਮੰਗ ਕਰ ਰਹੇ ਸਨ। ਖੜਗੇ ਨੇ ਕਿਹਾ, 'ਅਸੀਂ ਲੋਕ ਸਭਾ ਦਾ ਸਤਿਕਾਰ ਕਰਦੇ ਹਾਂ ਪਰ ਕਾਂਗਰਸ ਦੇ ਛੇ ਮੈਂਬਰਾਂ ਨੂੰ ਲਗਾਤਾਰ ਪੰਜ ਬੈਠਕਾਂ ਲਈ ਮੁਅੱਤਲ ਕਰਨ ਪਿੱਛੇ ਸਰਕਾਰ ਦਾ ਦਬਾਅ ਹੈ।' ਕਾਂਗਰਸ ਮੈਂਬਰਾਂ ਨੂੰ 24 ਜੁਲਾਈ ਨੂੰ ਪੰਜ ਦਿਨਾਂ ਲਈ ਮੁਅੱਤਲ ਕੀਤਾ ਗਿਆ ਸੀ। ਉਨ੍ਹਾਂ ਕਿਹਾ, 'ਪ੍ਰਧਾਨ ਮੰਤਰੀ ਹੋਰ ਸਾਰੇ ਮੁੱਦਿਆਂ 'ਤੇ ਗੱਲ ਕਰਦੇ ਹਨ ਪਰ ਗਊ ਰਖਿਅਕਾਂ ਦੀ ਹਿੰਸਾ ਬਾਰੇ ਸਦਨ ਵਿਚ ਨਹੀਂ ਬੋਲਦੇ। ਪ੍ਰਧਾਨ ਮੰਤਰੀ ਨੂੰ ਸਦਨ ਵਿਚ ਬਿਆਨ ਦੇ ਕੇ ਇਸ ਮੁੱਦੇ ਬਾਬਤ ਅਪਣੀ ਚੁੱਪ ਤੋੜਨੀ ਚਾਹੀਦੀ ਹੈ। (ਏਜੰਸੀ)