
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਦਾ...
ਨਵੀਂ ਦਿੱਲੀ, 26 ਜੁਲਾਈ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਦਾ ਪੱਧਰ 70 ਫ਼ੀ ਸਦੀ ਤਕ ਘਟ ਗਿਆ ਹੈ। ਇਥੇ ਕਿਸੇ ਸਮਾਗਮ ਵਿਚ ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਕੰਮਾਂ ਵਿਚ ਅੜਿੱਕਾ ਪਾਇਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਜਾਰੀ ਰੱਖੇਗੀ। ਕੇਜਰੀਵਾਲ ਨੇ ਕਿਹਾ, 'ਅਸੀਂ ਕਈ ਲੋਕ ਭਲਾਈ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਜਿਨ੍ਹਾਂ ਵਿਚ ਨਿਜੀ ਹਸਪਤਾਲਾਂ ਵਿਚ ਮੁਫ਼ਤ ਸਰਜਰੀ ਯੋਜਨਾ ਵੀ ਸ਼ਾਮਲ ਹੈ। ਨਾ ਤਾਂ ਅਸੀਂ ਭ੍ਰਿਸ਼ਟਾਚਾਰ ਕਰਦੇ ਹਾਂ ਤੇ ਨਾ ਹੀ ਅਸੀਂ ਅਧਿਕਾਰੀਆਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦੇ ਹਾਂ।' ਉਨ੍ਹਾਂ ਕਿਹਾ, 'ਮੈਂ ਨਹੀਂ ਕਹਿ ਰਿਹਾ ਕਿ ਸਰਕਾਰ ਵਿਚ 100 ਫ਼ੀ ਸਦੀ ਭ੍ਰਿਸ਼ਟਾਚਾਰ ਖ਼ਤਮ ਹੋ ਗਿਆ ਹੈ ਪਰ ਇਹ ਕਰੀਬ 60-70 ਫ਼ੀ ਸਦੀ ਘੱਟ ਗਿਆ ਹੈ।' ਕੇਜਰੀਵਾਲ ਨੇ ਕਿਹਾ ਕਿ ਸਰਕਾਰ ਵੱਖ ਵੱਖ ਪ੍ਰਾਜੈਕਟਾਂ ਵਿਚ ਪੈਸਾ ਬਚਾ ਰਹੀ ਹੈ ਅਤੇ ਲੋਕ ਭਲਾਈ ਯੋਜਨਾਵਾਂ ਵਿਚ ਲਗਾ ਰਹੀ ਹੈ। (ਏਜੰਸੀ)