
11.15 ਕਰੋੜ ਰੁਪਏ ਦੀ ਅਚੱਲ ਜਾਇਦਾਦ ਦੇ ਮਾਲਕ ਹਨ ਰਾਹੁਲ ਗਾਂਧੀ
ਵਾਇਨਾਡ (ਕੇਰਲ): ਕੇਰਲ ਦੇ ਵਾਇਨਾਡ ਤੋਂ ਮੁੜ ਚੋਣ ਲੜ ਰਹੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਕੋਲ 55,000 ਰੁਪਏ ਨਕਦ ਹਨ ਅਤੇ ਵੱਖ-ਵੱਖ ਬੱਚਤ ਬੈਂਕਾਂ ’ਚ 26 ਲੱਖ ਰੁਪਏ ਹਨ, ਜਦਕਿ ਉਨ੍ਹਾਂ ਨੇ 2022-23 ’ਚ 1.02 ਕਰੋੜ ਰੁਪਏ ਦੀ ਕਮਾਈ ਕੀਤੀ ਸੀ |
ਅਪਣੀ ਨਾਮਜ਼ਦਗੀ ਦੇ ਨਾਲ ਰਿਟਰਨਿੰਗ ਅਧਿਕਾਰੀ ਨੂੰ ਸੌਂਪੇ ਹਲਫਨਾਮੇ ’ਚ ਰਾਹੁਲ ਗਾਂਧੀ ਨੇ 9.24 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ, ਜਿਸ ’ਚ ਇਕੁਇਟੀ, ਮਿਊਚੁਅਲ ਫੰਡ, ਸਾਵਰੇਨ ਗੋਲਡ ਬਾਂਡ ਆਦਿ ਸ਼ਾਮਲ ਹਨ।
ਉਨ੍ਹਾਂ ਨੇ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਨੇ 2022-23 ਨੂੰ ਖਤਮ ਹੋਏ ਸਾਲ ਲਈ 1.02 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਇਹ ਵਾਇਨਾਡ ਦੇ ਸੰਸਦ ਮੈਂਬਰ ਵਜੋਂ ਉਨ੍ਹਾਂ ਦੀ ਤਨਖਾਹ, ਬੈਂਕ ਵਿਆਜ, ਲਾਭਅੰਸ਼, ਬਾਂਡ ਅਤੇ ਰਾਇਲਟੀ ਆਮਦਨ ਜ਼ਰੀਏ ਆਈ। ਉਨ੍ਹਾਂ ਕੋਲ 11.15 ਕਰੋੜ ਰੁਪਏ ਦੀ ਅਚੱਲ ਜਾਇਦਾਦ ਵੀ ਹੈ, ਜਿਸ ’ਚ ਕਾਰੋਬਾਰੀ ਇਮਾਰਤਾਂ ਅਤੇ ਖੇਤੀਬਾੜੀ ਅਤੇ ਗੈਰ-ਖੇਤੀਬਾੜੀ ਜ਼ਮੀਨ ਦੋਵੇਂ ਸ਼ਾਮਲ ਹਨ।
ਰਾਹੁਲ ਗਾਂਧੀ ਦਾ ਮੁਕਾਬਲਾ ਸੀ.ਪੀ.ਆਈ. ਨੇਤਾ ਐਨੀ ਰਾਜਾ, ਪਾਰਟੀ ਜਨਰਲ ਸਕੱਤਰ ਡੀ. ਰਾਜਾ ਦੀ ਪਤਨੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਕੇ. ਸੁਰੇਂਦਰਨ ਨਾਲ ਹੈ। 2019 ਦੀਆਂ ਚੋਣਾਂ ’ਚ, ਉਨ੍ਹਾਂ ਨੇ ਸੂਬੇ ’ਚ ਸੱਭ ਤੋਂ ਵੱਧ 4.31 ਲੱਖ ਵੋਟਾਂ ਦੇ ਫਰਕ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਕੇਰਲ ’ਚ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ’ਚ 26 ਅਪ੍ਰੈਲ ਨੂੰ ਅਪਣੇ ਸਾਰੇ 20 ਸੰਸਦ ਮੈਂਬਰਾਂ ਦੀ ਚੋਣ ਲਈ ਵੋਟਿੰਗ ਹੋਵੇਗੀ।