ਇਕ ਬੱਚਾ ਗੰਭੀਰ ਰੂਪ ਵਿਚ ਜਖ਼ਮੀ
ਬਰੇਲੀ : ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ। ਇੱਥੇ ਕੁੱਤਿਆਂ ਨੇ 11 ਸਾਲ ਦੇ ਬੱਚੇ 'ਤੇ ਹਮਲਾ ਕਰਕੇ ਉਸ ਦੀ ਜਾਨ ਲੈ ਲਈ। ਕੁੱਤਿਆਂ ਨੇ ਉਸ ਦੇ ਸਰੀਰ 'ਤੇ 100 ਤੋਂ ਵੱਧ ਥਾਵਾਂ 'ਤੇ ਖਰੂੰਡ ਮਾਰੇ। 50 ਮੀਟਰ ਤੋਂ ਵੱਧ ਘਸੀਟਿਆ। ਮੰਗਲਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਵਿੱਚ ਕੁੱਤੇ ਦੇ ਹਮਲੇ ਵਿੱਚ ਇੱਕ ਹੋਰ ਬੱਚਾ ਵੀ ਜ਼ਖ਼ਮੀ ਹੋ ਗਿਆ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਸੀਬੀ ਗੰਜ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਖਾਨਾ ਗੋਟੀਆ ਦੀ ਹੈ।
ਮੁਹੰਮਦ ਇਰਫਾਨ ਪੁੱਤਰ ਅਯਾਨ (11 ਸਾਲ) ਸ਼ਾਮ ਸਮੇਂ ਘਰ ਤੋਂ ਕਰੀਬ 400 ਮੀਟਰ ਦੂਰ ਖੇਡ ਰਿਹਾ ਸੀ। ਅਯਾਨ ਦੇ ਨਾਲ 5 ਹੋਰ ਬੱਚੇ ਵੀ ਸਨ। ਇਸ ਦੌਰਾਨ ਕੁੱਤਿਆਂ ਦਾ ਝੁੰਡ ਬੱਚਿਆਂ ਦੇ ਨੇੜੇ ਆ ਗਿਆ। ਬੱਚਿਆਂ ਨੇ ਪਹਿਲਾਂ ਉਨ੍ਹਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ, ਕੁੱਤਿਆਂ ਨੇ ਬੱਚਿਆਂ ਨੂੰ ਘੇਰ ਲਿਆ। ਜਦੋਂ ਬੱਚੇ ਆਪਣੇ ਆਪ ਨੂੰ ਘਿਰਿਆ ਦੇਖ ਕੇ ਭੱਜਣ ਲੱਗੇ ਤਾਂ ਝੁੰਡ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਭੱਜਦਾ ਹੋਇਆ ਅਯਾਨ ਜ਼ਮੀਨ 'ਤੇ ਡਿੱਗ ਪਿਆ। ਇਸ ਦੌਰਾਨ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਰੌਲਾ ਪਾਉਣ 'ਤੇ ਗੁਆਂਢੀ ਬੱਚਿਆਂ ਨੂੰ ਛੁਡਵਾਉਣ ਆਏ। ਖੂਨ ਨਾਲ ਲੱਥਪੱਥ ਹਾਲਤ ਵਿੱਚ ਬੱਚੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿਥੇ ਉਸ ਦੀ ਮੌਤ ਹੋ ਗਈ। ਅਯਾਨ ਦੀ ਮੌਤ ਨਾਲ ਪਰਿਵਾਰ 'ਚ ਹਫੜਾ-ਦਫੜੀ ਮਚ ਗਈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰ 8 ਸਾਲਾ ਅਰਸ ਨੂੰ ਹਸਪਤਾਲ ਲੈ ਗਏ। ਉਸ ਦਾ ਇਲਾਜ ਚੱਲ ਰਿਹਾ ਹੈ। ਹਾਲਤ ਗੰਭੀਰ ਬਣੀ ਹੋਈ ਹੈ।