
ਕਿਹਾ, ‘ਅਸਲ ਪਛਾਣ’ ਜ਼ਾਹਰ ਹੋਣ ਦੇ ਡਰੋਂ ਕੀਤੀ ਸੀ ਖ਼ੁਦਕੁਸ਼ੀ
ਹੈਦਰਾਬਾਦ: ਹੈਦਰਾਬਾਦ ਯੂਨੀਵਰਸਿਟੀ ’ਚ ਰੋਹਿਤ ਵੇਮੁਲਾ ਦੀ ਮੌਤ ਦੀ ਜਾਂਚ ਕਰ ਰਹੀ ਪੁਲਿਸ ਨੇ ਸਥਾਨਕ ਅਦਾਲਤ ’ਚ ਕਲੋਜ਼ਰ ਰੀਪੋਰਟ ਪੇਸ਼ ਕੀਤੀ ਹੈ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਉਹ ਦਲਿਤ ਨਹੀਂ ਹੈ ਅਤੇ ਉਸ ਨੇ ਇਸ ਡਰ ਨਾਲ ਖੁਦਕੁਸ਼ੀ ਕੀਤੀ ਸੀ ਕਿ ਉਸ ਦੀ ‘ਅਸਲ ਪਛਾਣ’ ਸਾਹਮਣੇ ਆ ਜਾਵੇਗੀ। ਮਾਮਲੇ ਦੀ ਜਾਂਚ ਕਰ ਰਹੀ ਸਾਈਬਰਾਬਾਦ ਪੁਲਿਸ ਨੇ ਅਦਾਲਤ ਨੂੰ ਦਸਿਆ ਕਿ ਰੋਹਿਤ ਵੇਮੁਲਾ ਅਨੁਸੂਚਿਤ ਜਾਤੀ (ਐਸ.ਸੀ.) ਨਾਲ ਸਬੰਧਤ ਨਹੀਂ ਸੀ ਅਤੇ ਉਸ ਨੂੰ ਇਸ ਬਾਰੇ ਪਤਾ ਸੀ। ਵੇਮੁਲਾ ਨੇ 2016 ’ਚ ਖੁਦਕੁਸ਼ੀ ਕਰ ਲਈ ਸੀ।
ਰੀਪੋਰਟ ’ਚ ਕਿਹਾ ਗਿਆ ਹੈ, ‘‘ਇਸ ਤੋਂ ਇਲਾਵਾ, ਮ੍ਰਿਤਕ ਖੁਦ ਜਾਣਦਾ ਸੀ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧਤ ਨਹੀਂ ਹੈ ਅਤੇ ਉਸ ਦੀ ਮਾਂ ਨੇ ਉਸ ਨੂੰ ਐਸ.ਸੀ. ਸਰਟੀਫਿਕੇਟ ਬਣਵਾ ਕੇ ਦਿਤਾ ਸੀ। ਇਹ ਲਗਾਤਾਰ ਡਰ ਦਾ ਵਿਸ਼ਾ ਹੋ ਸਕਦਾ ਹੈ ਕਿਉਂਕਿ ਇਸ ਦੇ ਉਜਾਗਰ ਹੋਣ ਦੇ ਨਤੀਜੇ ਵਜੋਂ ਉਸ ਦੀਆਂ ਅਕਾਦਮਿਕ ਡਿਗਰੀਆਂ ਵਾਪਸ ਲਈਆਂ ਜਾ ਸਕਦੀਆਂ ਸਨ ਜੋ ਉਸ ਨੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਪ੍ਰਾਪਤ ਕੀਤੀਆਂ ਸਨ ਅਤੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਸਕਦੀਆਂ ਹਨ।’’
ਰੀਪੋਰਟ ’ਚ ਉਨ੍ਹਾਂ ਕਿਹਾ, ‘‘ਮ੍ਰਿਤਕ ਨੂੰ ਕਈ ਮੁੱਦੇ ਪਰੇਸ਼ਾਨ ਕਰ ਰਹੇ ਸਨ, ਜਿਸ ਕਾਰਨ ਉਹ ਖੁਦਕੁਸ਼ੀ ਕਰ ਸਕਦਾ ਸੀ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਮਿਲਿਆ ਕਿ ਮੁਲਜ਼ਮਾਂ ਦੀਆਂ ਹਰਕਤਾਂ ਨੇ ਮ੍ਰਿਤਕ ਨੂੰ ਖੁਦਕੁਸ਼ੀ ਲਈ ਉਕਸਾਇਆ ਸੀ।’’ ਹੈਦਰਾਬਾਦ ਯੂਨੀਵਰਸਿਟੀ ਦੇ ਤਤਕਾਲੀ ਵਾਈਸ ਚਾਂਸਲਰ ਅੱਪਾ ਰਾਓ ਪੋਡਿਲੇ ਅਤੇ ਹਰਿਆਣਾ ਦੇ ਮੌਜੂਦਾ ਰਾਜਪਾਲ ਬਾਂਡਾਰੂ ਦੱਤਾਤ੍ਰੇਯ ਇਸ ਮਾਮਲੇ ’ਚ ਨਾਮਜ਼ਦ ਸਨ।