
ਕਿਹਾ, ਸਾਰੇ ਮਾਮਲਿਆਂ ’ਚ ਧਾਰਾ 498ਏ ਨੂੰ ਯੰਤਰਿਕ ਤੌਰ ’ਤੇ ਲਾਗੂ ਨਹੀਂ ਕੀਤਾ ਜਾ ਸਕਦਾ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਕਿਹਾ ਕਿ ਸਹਿਣਸ਼ੀਲਤਾ ਅਤੇ ਸਤਿਕਾਰ ਚੰਗੇ ਵਿਆਹ ਦੀ ਨੀਂਹ ਹਨ ਅਤੇ ਛੋਟੇ-ਮੋਟੇ ਝਗੜਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ। ਸੁਪਰੀਮ ਕੋਰਟ ਨੇ ਇਹ ਟਿਪਣੀ ਇਕ ਔਰਤ ਵਲੋਂ ਅਪਣੇ ਪਤੀ ਵਿਰੁਧ ਦਾਜ ਤਸ਼ੱਦਦ ਦੇ ਮਾਮਲੇ ਨੂੰ ਰੱਦ ਕਰਦੇ ਹੋਏ ਕੀਤੀ। ਸਿਖਰਲੀ ਅਦਾਲਤ ਨੇ ਕਿਹਾ, ‘‘ਚੰਗੇ ਵਿਆਹ ਦੀ ਨੀਂਹ ਸਹਿਣਸ਼ੀਲਤਾ, ਸਦਭਾਵਨਾ ਅਤੇ ਆਪਸੀ ਸਤਿਕਾਰ ਹੈ। ਇਕ ਦੂਜੇ ਦੀਆਂ ਗਲਤੀਆਂ ਨੂੰ ਕੁੱਝ ਹੱਦ ਤਕ ਸਹਿਣ ਕਰਨਾ ਹਰ ਵਿਆਹ ’ਚ ਸ਼ਾਮਲ ਹੋਣਾ ਚਾਹੀਦਾ ਹੈ। ਛੋਟੀਆਂ-ਮੋਟੀਆਂ ਦਲੀਲਾਂ, ਛੋਟੇ-ਮੋਟੇ ਮਤਭੇਦ ਦੁਨਿਆਵੀ ਮਾਮਲੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ। ਜੋੜੇ ਸਵਰਗ ’ਚ ਬਣਾਏ ਜਾਂਦੇ ਹਨ ਅਤੇ ਇਸ ਨੂੰ ਕਿਸੇ ਵੀ ਤਰੀਕੇ ਨਾਲ ਨਸ਼ਟ ਕਰਨਾ ਉਚਿਤ ਨਹੀਂ ਹੈ।’’
ਅਦਾਲਤ ਦੀ ਇਹ ਟਿਪਣੀ ਉਸ ਫੈਸਲੇ ’ਚ ਆਈ ਜਿਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਬੰਧਤ ਹੁਕਮ ਨੂੰ ਰੱਦ ਕਰ ਦਿਤਾ ਸੀ। ਹਾਈ ਕੋਰਟ ਨੇ ਪਤੀ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿਤਾ ਸੀ ਜਿਸ ’ਚ ਉਸ ਦੀ ਪਤਨੀ ਵਲੋਂ ਦਾਇਰ ਅਪਰਾਧਕ ਪਟੀਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਪਤੀ ਨੇ ਇਸ ਹੁਕਮ ਨੂੰ ਸੁਪਰੀਮ ਕੋਰਟ ’ਚ ਚੁਨੌਤੀ ਦਿਤੀ ਸੀ। ਅਦਾਲਤ ਨੇ ਕਿਹਾ ਕਿ ਕਈ ਵਾਰ ਵਿਆਹੁਤਾ ਔਰਤ ਦੇ ਮਾਪੇ ਅਤੇ ਨਜ਼ਦੀਕੀ ਰਿਸ਼ਤੇਦਾਰ ਇਸ ਬਾਰੇ ਹੰਗਾਮਾ ਕਰਦੇ ਹਨ ਅਤੇ ਸਥਿਤੀ ਵਿਚ ਦਖਲ ਦੇਣ ਤੇ ਵਿਆਹ ਨੂੰ ਬਚਾਉਣ ਦੀ ਬਜਾਏ ਅਜਿਹੇ ਕਦਮ ਚੁੱਕਦੇ ਹਨ ਜੋ ਮਾਮੂਲੀ ਮੁੱਦਿਆਂ ’ਤੇ ਵਿਆਹੁਤਾ ਰਿਸ਼ਤੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦੇ ਹਨ।
ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਔਰਤ, ਉਸ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਦੇ ਦਿਮਾਗ ’ਚ ਸੱਭ ਤੋਂ ਪਹਿਲਾਂ ਪੁਲਿਸ ਆਉਂਦੀ ਹੈ ਕਿਉਂਕਿ ਅਜਿਹਾ ਜਾਪਦਾ ਹੈ ਕਿ ਪੁਲਿਸ ਸਾਰੀਆਂ ਬੁਰਾਈਆਂ ਦਾ ਰਾਮਬਾਣ ਹੈ। ਬੈਂਚ ਨੇ ਕਿਹਾ ਕਿ ਜੇਕਰ ਪਤੀ-ਪਤਨੀ ਵਿਚਾਲੇ ਸੁਲ੍ਹਾ ਹੋਣ ਦੀ ਵਾਜਬ ਸੰਭਾਵਨਾ ਹੈ ਤਾਂ ਵੀ ਮਾਮਲਾ ਪੁਲਿਸ ਕੋਲ ਲਿਜਾਇਆ ਜਾਂਦਾ ਹੈ ਅਤੇ ਬੰਦ ਕਰ ਦਿਤਾ ਜਾਂਦਾ ਹੈ।
ਅਦਾਲਤ ਨੇ ਕਿਹਾ ਕਿ ਵਿਆਹੁਤਾ ਝਗੜਿਆਂ ’ਚ ਮੁੱਖ ਪੀੜਤ ਬੱਚੇ ਹੁੰਦੇ ਹਨ। ਅਦਾਲਤ ਅਨੁਸਾਰ, ‘‘ਪਤੀ-ਪਤਨੀ ਅਪਣੇ ਦਿਲਾਂ ’ਚ ਇੰਨਾ ਜ਼ਹਿਰ ਲੈ ਕੇ ਲੜਦੇ ਹਨ ਕਿ ਉਹ ਇਕ ਪਲ ਲਈ ਵੀ ਨਹੀਂ ਸੋਚਦੇ ਕਿ ਜੇ ਵਿਆਹ ਖਤਮ ਹੋ ਗਿਆ ਤਾਂ ਉਨ੍ਹਾਂ ਦੇ ਬੱਚਿਆਂ ਦਾ ਕੀ ਹੋਵੇਗਾ। ਜਿੱਥੋਂ ਤਕ ਬੱਚਿਆਂ ਦੇ ਪਾਲਣ-ਪੋਸ਼ਣ ਦਾ ਸਵਾਲ ਹੈ, ਤਲਾਕ ਬਹੁਤ ਹੀ ਸ਼ੱਕੀ ਭੂਮਿਕਾ ਨਿਭਾਉਂਦਾ ਹੈ।’’
ਬੈਂਚ ਨੇ ਕਿਹਾ, ‘‘ਸਾਡਾ ਅਜਿਹਾ ਕਹਿਣ ਦਾ ਇਕੋ ਇਕ ਕਾਰਨ ਇਹ ਹੈ ਕਿ ਪੂਰੇ ਮਾਮਲੇ ਨੂੰ ਠੰਡੇ ਦਿਮਾਗ ਨਾਲ ਨਜਿੱਠਣ ਦੀ ਬਜਾਏ ਅਪਰਾਧਕ ਕਾਰਵਾਈ ਸ਼ੁਰੂ ਕਰਨ ਨਾਲ ਇਕ-ਦੂਜੇ ਲਈ ਨਫ਼ਰਤ ਤੋਂ ਇਲਾਵਾ ਕੁੱਝ ਨਹੀਂ ਹੋਵੇਗਾ। ਪਤੀ ਅਤੇ ਉਸ ਦੇ ਪਰਵਾਰ ਵਲੋਂ ਪਤਨੀ ਨਾਲ ਅਸਲ ਦੁਰਵਿਵਹਾਰ ਅਤੇ ਪਰੇਸ਼ਾਨੀ ਦੇ ਮਾਮਲੇ ਹੋ ਸਕਦੇ ਹਨ। ਅਜਿਹੀ ਦੁਰਵਿਵਹਾਰ ਜਾਂ ਪਰੇਸ਼ਾਨੀ ਦਾ ਪੱਧਰ ਵੱਖ-ਵੱਖ ਹੋ ਸਕਦਾ ਹੈ।’’ ਸੁਪਰੀਮ ਕੋਰਟ ਨੇ ਕਿਹਾ ਕਿ ਵਿਆਹੁਤਾ ਝਗੜਿਆਂ ’ਚ ਪੁਲਿਸ ਮਸ਼ੀਨਰੀ ਨੂੰ ਆਖਰੀ ਉਪਾਅ ਵਜੋਂ ਲਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ, ‘‘ਸਾਰੇ ਮਾਮਲਿਆਂ ’ਚ, ਜਿੱਥੇ ਪਤਨੀ ਪਰੇਸ਼ਾਨੀ ਜਾਂ ਦੁਰਵਿਵਹਾਰ ਦੀ ਸ਼ਿਕਾਇਤ ਕਰਦੀ ਹੈ, ਆਈ.ਪੀ.ਸੀ. ਦੀ ਧਾਰਾ 498ਏ ਨੂੰ ਯੰਤਰਿਕ ਤੌਰ ’ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਆਈ.ਪੀ.ਸੀ. ਦੀ ਧਾਰਾ 506 (2) ਅਤੇ 323 ਤੋਂ ਬਿਨਾਂ ਕੋਈ ਐਫ.ਆਈ.ਆਰ. ਪੂਰੀ ਨਹੀਂ ਹੁੰਦੀ। ਹਰ ਵਿਆਹੁਤਾ ਵਿਵਹਾਰ ਜੋ ਕਿਸੇ ਹੋਰ ਲਈ ਮੁਸੀਬਤ ਦਾ ਕਾਰਨ ਬਣ ਸਕਦਾ ਹੈ, ਬੇਰਹਿਮੀ ਦੀ ਸ਼੍ਰੇਣੀ ’ਚ ਨਹੀਂ ਆ ਸਕਦਾ। ਪਤੀ-ਪਤਨੀ ਵਿਚਾਲੇ ਰੋਜ਼ਾਨਾ ਵਿਆਹੁਤਾ ਜ਼ਿੰਦਗੀ ਵਿਚ ਮਾਮੂਲੀ ਗੁੱਸਾ ਅਤੇ ਮਾਮੂਲੀ ਝਗੜੇ ਵੀ ਬੇਰਹਿਮੀ ਦੀ ਸ਼੍ਰੇਣੀ ਵਿਚ ਨਹੀਂ ਆ ਸਕਦੇ।’’