
ਪਹਿਲੇ ਗੇੜ 'ਚ 25,000 ਕਰੋੜ
ਨਵੀਂ ਦਿੱਲੀ, 2 ਜੂਨ: ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ-ਅੰਮ੍ਰਿਤਸਰ ਐਕਸਪ੍ਰੈੱਸ ਵੇਅ ਤਹਿਤ ਅੰਮ੍ਰਿਤਸਰ ਤਕ ਨਵੇਂ ਸੰਪਰਕ ਮਾਰਗ ਦਾ ਐਲਾਨ ਕੀਤਾ ਹੈ। ਇਹ ਮਾਰਗ ਨਕੋਦਰ ਤੋਂ ਹੋ ਕੇ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਤੋਂ ਹੋ ਕੇ ਨਿਕਲੇਗਾ। ਇਸ ਨਾਲ ਪੰਜਾਬ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਸਕੇਗੀ।
ਗਡਕਰੀ ਨੇ ਕਿਹਾ ਕਿ ਇਸ ਐਕਸਪ੍ਰੈੱਸ ਵੇਅ ਦੇ ਬਣਨ ਨਾਲ ਅੰਮ੍ਰਿਤਸਰ ਤੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਤਕ ਦੇ ਸਫ਼ਰ ਦਾ ਸਮਾਂ ਘਟ ਕੇ ਚਾਰ ਘੰਟੇ ਰਹਿ ਜਾਵੇਗਾ। ਅਜੇ ਇਸ 'ਚ ਅੱਠ ਘੰਟੇ ਲਗਦੇ ਹਨ। ਮੰਤਰੀ ਨੇ ਕਿਹਾ ਕਿ ਪਹਿਲੇ ਗੇੜ 'ਚ ਐਕਸਪ੍ਰੈੱਸ ਵੇਅ ਦੀ ਉਸਾਰੀ 'ਤੇ 25,000 ਕਰੋੜ ਰੁਪਏ ਦੀ ਲਾਗਤ ਆਉਣ ਦਾ ਅੰਦਾਜ਼ਾ ਹੈ।
File Photo
ਗਡਕਰੀ ਨੇ ਇਕ ਸਮੀਖਿਆ ਬੈਠਕ 'ਚ ਇਸ ਪ੍ਰਾਜੇਕਟ ਨੂੰ ਅੰਤਮ ਰੂਪ ਦੇਣ ਤੋਂ ਬਾਅਦ ਕਿਹਾ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਦੇ ਹਿੱਸੇ ਦੇ ਰੂਪ 'ਚ ਅੰਮ੍ਰਿਤਸਰ ਤਕ ਇਕ ਨਵਾਂ ਮਾਰਚ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਐਕਸਪ੍ਰੈੱਸ ਦੇ ਸਿੱਖਾਂ ਦੇ ਪੰਜ ਗੁਰੂਆਂ ਨਾਲ ਜੁੜੇ ਸ਼ਹਿਰਾਂ ਨੂੰ ਜੋੜੇਗਾ।
ਸਮੀਖਿਆ ਬੈਠਕ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਲੋਕ ਵੀ ਹਾਜ਼ਰ ਸਨ। ਗਡਕਰੀ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਗੁਰਦਾਸਪੁਰ ਮਾਰਗ ਦਾ ਵੀ ਪੂਰਾ ਵਿਕਾਸ ਕੀਤਾ ਜਾਵੇਗਾ ਅਤੇ ਇਸ ਨੂੰ 'ਸਿਗਨਲ ਫ਼੍ਰੀ' ਕੀਤਾ ਜਾਵੇਗਾ। (ਪੀਟੀਆਈ)