
ਰੇਲ ਗੱਡੀਆਂ ਨੂੰ ਟਕਰਾਉਣ ਤੋਂ ਰੋਕਣ ਵਾਲੀ ਪ੍ਰਣਾਲੀ ‘ਕਵਚ’ ਮਾਰਗ ’ਤੇ ਮੁਹਈਆ ਨਹੀਂ
ਨਵੀਂ ਦਿੱਲੀ: ਰੇਲਵੇ ਨੇ ਓਡੀਸ਼ਾ ’ਚ ਹੋਏ ਭਿਆਨਕ ਰੇਲ ਹਾਦਸੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿਤੀ ਹੈ, ਜਿਸ ਦੀ ਪ੍ਰਧਾਨਗੀ ਦੱਖਣ-ਪੂਰਬੀ ਜ਼ੋਨ ਦੇ ਰੇਲਵੇ ਸੁਰਖਿਆ ਕਮਿਸ਼ਨਰ ਕਰਨਗੇ। ਅਧਿਕਾਰੀਆਂ ਨੇ ਸਨਿੱਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਰੇਲਵੇ ਸੁਰਖਿਆ ਕਮਿਸ਼ਨਰ ਇਸ ਤਰ੍ਹਾਂ ਦੇ ਹਾਦਸਿਆਂ ਦੀ ਜਾਂਚ ਕਰਦਾ ਹੈ।
ਭਾਰਤੀ ਰੇਲਵੇ ਦੇ ਇਕ ਬੁਲਾਰੇ ਨੇ ਸਨਿਚਰਵਾਰ ਨੂੰ ਕਿਹਾ, ‘‘ਐਸ.ਈ. (ਦੱਖਣੀ-ਪੂਰਬੀ) ਜ਼ੋਨ ਦੇ ਸੀ.ਆਰ.ਐਸ. (ਰੇਲਵੇ ਸੁਰਖਿਆ ਕਮਿਸ਼ਨਰ) ਏ.ਐਮ. ਚੌਧਰੀ ਹਾਦਸੇ ਦੀ ਜਾਂਚ ਕਰਨਗੇ।’’
ਰੇਲਵੇ ਨੇ ਦਸਿਆ ਕਿ ਰੇਲ ਗੱਡੀਆਂ ਨੂੰ ਟਕਰਾਉਣ ਤੋਂ ਰੋਕਣ ਵਾਲੀ ਪ੍ਰਣਾਲੀ ‘ਕਵਚ’ ਇਸ ਮਾਰਗ ’ਤੇ ਮੁਹਈਆ ਨਹੀਂ ਹੈ।
ਓਡੀਸ਼ਾ ਦੇ ਬਾਲਾਸੌਰ ਜ਼ਿਲ੍ਹੇ ’ਚ ਸ਼ੁਕਰਵਾਰ ਸ਼ਾਮ ਕੋਰੋਮੰਡਲ ਐਕਸਪ੍ਰੈੱਸ ਅਤੇ ਬੇਂਗਲੁਰੂ-ਹਾਵੜਾ ਐਕਸਪ੍ਰੈੱਸ ਟਰੇਨ ਦੇ ਪਟੜੀ ਤੋਂ ਉਤਰਨ ਅਤੇ ਇਕ ਮਾਲਗੱਡੀ ਨਾਲ ਟਕਰਾਉਣ ਨਾਲ ਜੁੜੇ ਰੇਲ ਹਾਦਸੇ ’ਚ ਮ੍ਰਿਤਕਾਂ ਦੀ ਗਿਣਤੀ ਸਨਿੱਚਰਵਾਰ ਨੂੰ ਵਧ ਕੇ 261 ਹੋ ਗਈ। ਇਸ ਹਾਦਸੇ ’ਚ 900 ਤੋਂ ਵਧ ਲੋਕ ਜ਼ਖ਼ਮੀ ਹੋਏ ਹਨ।
ਹਾਲਾਂਕਿ, ਅਜੇ ਇਹ ਸਪਸ਼ਟ ਨਹੀਂ ਹੈ ਕਿ ਹਾਦਸਾ ਕਿਸ ਕਾਰਨ ਹੋਇਆ, ਪਰ ਸੂਤਰਾਂ ਨੇ ਸੰਕੇਤ ਦਿਤਾ ਹੈ ਕਿ ਇਸ ਦਾ ਸੰਭਾਵਤ ਕਾਰਨ ਸਿਗਨਲ ’ਚ ਗੜਬੜੀ ਹੋਣਾ ਹੈ।
ਭਾਰਤੀ ਰੇਲਵੇ ਦੇ ਬੁਲਾਰੇ ਅਮਿਤਾਭ ਸ਼ਰਮਾ ਨੇ ਕਿਹਾ, ‘‘ਬਚਾਅ ਮੁਹਿੰਮ ਪੂਰੀ ਹੋ ਗਈ ਹੈ। ਹੁਣ ਅਸੀਂ ਬਹਾਲੀ ਪ੍ਰਕਿਰਿਆ ਸ਼ੁਰੂ ਕ ਰਹੇ ਹਾਂ। ਇਸ ਮਾਰਗ ’ਤੇ ਕਵਚ ਪ੍ਰਣਾਲੀ ਮੌਜੂਦ ਨਹੀਂ ਸੀ।’’
ਰੇਲਵੇ ਅਪਣੇ ਨੈੱਟਵਰਕ ’ਚ ‘ਕਵਚ’ ਪ੍ਰਣਾਲੀ ਮੁਹਈਆ ਕਰਵਾਉਣ ਦੀ ਪ੍ਰਕਿਰਿਆ ’ਚ ਹੈ, ਤਾਕਿ ਰੇਲ ਗੱਡੀਆਂ ਦੇ ਟਕਰਾਉਣ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ।