ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 'ਚ ਕੁਝ ਹੀ ਘੰਟੇ ਬਾਕੀ ਹਨ
Election Results 2024 : ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 'ਚ ਕੁਝ ਹੀ ਘੰਟੇ ਬਾਕੀ ਹਨ। ਵੋਟਾਂ ਦੀ ਗਿਣਤੀ ਮੰਗਲਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਲਈ ਮੰਗਲਵਾਰ ਸ਼ਾਮ ਜਾਂ ਬੁੱਧਵਾਰ ਸਵੇਰੇ ਵਿਰੋਧੀ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਦੀ ਬੈਠਕ ਬੁਲਾਈ ਹੈ। ਸੂਤਰਾਂ ਮੁਤਾਬਕ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ 'ਇੰਡੀਆ ਗੱਠਜੋੜ' ਦੇ ਪ੍ਰਮੁੱਖ ਆਗੂਆਂ ਨੂੰ ਮੰਗਲਵਾਰ ਸ਼ਾਮ ਤੱਕ ਦਿੱਲੀ 'ਚ ਹੀ ਰਹਿਣ ਲਈ ਕਿਹਾ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ 'ਤੇ ਹੋਈ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵਿੱਟਰ 'ਤੇ ਇੱਕ ਪੋਸਟ ਵਿੱਚ ਕਿਹਾ, "ਨਤੀਜੇ ਐਲਾਨੇ ਜਾਣ ਤੋਂ ਬਾਅਦ 'ਇੰਡੀਆ ਗੱਠਜੋੜ' ਦੇ ਨੇਤਾ ਨਿਸ਼ਚਤ ਤੌਰ 'ਤੇ ਮਿਲਣਗੇ।" ਉਨ੍ਹਾਂ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਕਿ ਜੇਕਰ ਚੋਣ ਨਤੀਜੇ ਉਨ੍ਹਾਂ ਦੇ ਵਿਰੁੱਧ ਆਏ ਤਾਂ ਵਿਰੋਧੀ ਪਾਰਟੀਆਂ ਵਿਰੋਧ ਪ੍ਰਦਰਸ਼ਨ ਕਰਨਗੀਆਂ।
ਦਰਅਸਲ, ਵਿਰੋਧੀ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ 543 ਲੋਕ ਸਭਾ ਸੀਟਾਂ 'ਚੋਂ 295 ਤੋਂ ਵੱਧ ਸੀਟਾਂ ਜਿੱਤ ਕੇ ਉਹ ਕੇਂਦਰ 'ਚ ਸੱਤਾ 'ਚ ਆ ਰਹੇ ਹਨ। ਦੂਜੇ ਪਾਸੇ ਸੱਤਾਧਾਰੀ ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਹ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗੀ। ਸਾਰੇ ਐਗਜ਼ਿਟ ਪੋਲਾਂ ਨੇ ਵੀ ਭਾਜਪਾ ਨੂੰ ਸਪੱਸ਼ਟ ਬਹੁਮਤ ਦਿੱਤਾ ਹੈ। ਹਾਲਾਂਕਿ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਨ੍ਹਾਂ ਐਗਜ਼ਿਟ ਪੋਲ ਨੂੰ ਰੱਦ ਕਰ ਦਿੱਤਾ ਹੈ।
ਇਸ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਕੇ.ਸੀ. ਵੇਣੂਗੋਪਾਲ, ਸਪਾ ਮੁਖੀ ਅਖਿਲੇਸ਼ ਯਾਦਵ, ਐੱਨਸੀਪੀ ਆਗੂ ਸ਼ਰਦ ਪਵਾਰ, ਜਤਿੰਦਰ ਅਵਹਾਦ, ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੰਜੇ ਸਿੰਘ, ਰਾਘਵ ਚੱਢਾ, ਡੀਐੱਮਕੇ ਦੇ ਟੀ.ਆਰ. ਬਾਲੂ, ਆਰਜੇਡੀ ਤੋਂ ਤੇਜਸਵੀ ਯਾਦਵ ਅਤੇ ਸੰਜੇ ਯਾਦਵ, ਜੇਐਮਐਮ ਤੋਂ ਚੰਪਾਈ ਸੋਰੇਨ ਅਤੇ ਕਲਪਨਾ ਸੋਰੇਨ, ਨੈਸ਼ਨਲ ਕਾਨਫਰੰਸ ਤੋਂ ਫਾਰੂਕ ਅਬਦੁੱਲਾ, ਸੀਪੀਆਈ ਤੋਂ ਡੀ. ਰਾਜਾ, ਸੀਪੀਆਈ (ਐਮ) ਤੋਂ ਸੀਤਾਰਾਮ ਯੇਚੁਰੀ, ਸ਼ਿਵ ਸੈਨਾ (ਉਧਵ ਧੜੇ) ਤੋਂ ਅਨਿਲ ਦੇਸਾਈ, ਸੀ.ਪੀ.ਆਈ. ਸੀਪੀਆਈ (ਐਮਐਲ) ਤੋਂ ਐਮਐਲ ਦੀਪਾਂਕਰ ਭੱਟਾਚਾਰੀਆ ਅਤੇ ਬਿਹਾਰ ਦੀ ਵੀਆਈਪੀ ਪਾਰਟੀ ਦੇ ਮੁਕੇਸ਼ ਸਾਹਨੀ ਮੌਜੂਦ ਸਨ। ਹਾਲਾਂਕਿ ਮਮਤਾ ਬੈਨਰਜੀ ਨੇ ਇਸ ਬੈਠਕ ਤੋਂ ਦੂਰੀ ਬਣਾ ਲਈ ਸੀ।