
ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਵਿਰੋਧੀ ਰਾਜਨੀਤਕ ਪਾਰਟੀਆਂ ਨੂੰ ਆੜੇ ਹੱਥੀਂ ਲੈਂਦਿਆਂ ਸਵਾਲ ਕੀਤਾ ਕਿ ਉਨ੍ਹਾਂ ਨੇ ਕਿਸੇ ਮੁਸਲਮਾਨ ਨੂੰ ਯੂਪੀ......
ਲਖਨਊ : ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਵਿਰੋਧੀ ਰਾਜਨੀਤਕ ਪਾਰਟੀਆਂ ਨੂੰ ਆੜੇ ਹੱਥੀਂ ਲੈਂਦਿਆਂ ਸਵਾਲ ਕੀਤਾ ਕਿ ਉਨ੍ਹਾਂ ਨੇ ਕਿਸੇ ਮੁਸਲਮਾਨ ਨੂੰ ਯੂਪੀ ਦਾ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ? ਪਾਸਵਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਮੁਸਲਮਾਨਾਂ ਦੀ ਗੱਲ ਕਰਦੀਆਂ ਹਨ। ਕੀ ਮੁਸਲਮਾਨ ਬੰਧੂਆ ਮਜ਼ਦੂਰ ਹਨ ਕਿ ਉਹ ਸਿਰਫ਼ ਮੁਲਾਇਮ ਸਿੰਘ ਯਾਦਵ, ਅਖਿਲੇਸ਼ ਯਾਦਵ, ਮਾਇਆਵਤੀ ਜਾਂ ਕਾਂਗਰਸ ਨੂੰ ਹੀ ਵੋਟ ਪਾਉਣਗੇ? ਯੂਪੀ ਵਿਚ ਮੁਸਲਮਾਨਾਂ ਦੀ ਬਹੁਤ ਵੱਡੀ ਆਬਾਦੀ ਹੈ, ਇਸ ਲਈ ਅਜਿਹੇ ਰਾਜਨੀਤਕ ਦਲ ਸਿਰਫ਼ ਮੁਸਲਮਾਨਾਂ ਦੀ ਵੋਟ ਚਾਹੁੰਦੇ ਹਨ।
ਅਜਿਹਾ ਕਿਉਂ ਹੈ ਕਿ ਯੂਪੀ ਵਿਚ ਕਿਸੇ ਮੁਸਲਮਾਨ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਅਜਿਹਾ ਬਿਹਾਰ ਵਿਚ ਕਿਉਂ ਨਹੀਂ ਹੋਇਆ? ਪਾਸਵਾਨ ਇਥੇ ਅਪਣਾ ਦਲ ਸੋਨੇਲਾਲ ਦੇ ਨੇਤਾ ਸੋਨੇਲਾਲ ਪਟੇਲ ਦੀ 69 ਵੀਂ ਜਯੰਤੀ ਮੌਕੇ ਹੋਏ ਸਮਾਗਮ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ, 'ਇਕ ਵਾਰ ਬਿਹਾਰ ਵਿਚ ਮੈਨੂੰ ਮੌਕਾ ਮਿਲਿਆ। ਮੈਂ ਮੁਸਲਮਾਨ ਮੁੱਖ ਮੰਤਰੀ ਬਣਾਉਣ ਦੀ ਵਕਾਲਤ ਕੀਤੀ ਪਰ ਲਾਲੂ ਯਾਦਵ, ਰਾਬੜੀ ਦੇਵੀ ਨੂੰ ਬਿਹਾਰ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸੀ।'
ਪਾਸਵਾਨ ਨੇ ਕਿਹਾ, 'ਮੈਂ ਮੁਸਲਮਾਨਾਂ ਨੂੰ ਦਸਣਾ ਚਾਹੁੰਦਾ ਹਾਂ ਕਿ ਤੁਹਾਨੂੰ ਭਾਜਪਾ ਦਾ ਡਰ ਵਿਖਾਇਆ ਜਾ ਰਿਹਾ ਹੈ, ਤੁਹਾਨੂੰ ਸਪੱਸ਼ਟ ਸਮਝਣਾ ਚਾਹੀਦਾ ਹੈ ਕਿ ਤੁਸੀਂ ਬੰਧੂਆ ਮਜ਼ਦੁਰ ਹੋ। ਤੁਸੀਂ ਸਰਕਾਰ ਸਾਹਮਣੇ ਅਪਣਾ ਨਜ਼ਰੀਆ ਰੱਖੋ ਅਤੇ ਫਿਰ ਕਿਸੇ ਪਾਰਟੀ ਬਾਰੇ ਤੈਅ ਕਰੋ। ਕੀ ਪ੍ਰਧਾਨ ਮੰਤਰੀ ਮੋਦੀ ਜਾਂ ਯੋਗੀ ਨੇ ਕਦੇ ਕਿਹਾ ਕਿ ਰਾਮ ਮੰਦਰ ਕਿਥੇ ਬਣੇਗਾ। ਮਾਮਲਾ ਹਾਲੇ ਵੀ ਅਦਾਲਤ ਵਿਚ ਹੈ।' ਉਨ੍ਹਾਂ ਕਿਹਾ ਕਿ ਹਰ ਪਾਰਟੀ ਦਾ ਅਪਣਾ ਨਜ਼ਰੀਆ ਹੁੰਦਾ ਹੈ ਪਰ ਸਰਕਾਰ ਘੱਟੋ-ਘੱਟ ਸਾਂਝੇ ਪ੍ਰੋਗਰਾਮ ਮੁਤਾਬਕ ਚਲਦੀ ਹੈ। (ਏਜੰਸੀ)