
ਗ਼ਰੀਬਾਂ ਕੋਲੋਂ ਉਨ੍ਹਾਂ ਦੀ ਜੀਵਨ-ਰੇਖਾ ਖੋਹ ਰਹੀ ਹੈ ਸਰਕਾਰ, ਲੋਕ ਕਰਾਰਾ ਜਵਾਬ ਦੇਣਗੇ : ਰਾਹੁਲ
ਕੋਰੋਨਾ ਸੰਕਟ ਸਮੇਂ ਰੇਲਵੇ ਨਿਜੀ ਹੱਥਾਂ ਵਿਚ ਜਾ ਰਹੀ ਹੈ : ਕਾਂਗਰਸ
ਹੁਣ ਦੂਜੇ ਰੇਲ ਮਾਰਗਾਂ ਨੂੰ ਵੀ ਨਿਜੀ ਹੱਥਾਂ ਵਿਚ ਦਿਤਾ ਜਾਵੇਗਾ : ਸਿੰਘਵੀ
ਨਵੀਂ ਦਿੱਲੀ : ਰੇਲਵੇ ਨੇ ਬੁਧਵਾਰ ਨੂੰ ਅਪਣੇ ਨੈਟਵਰਕ 'ਤੇ ਯਾਤਰੀ ਟਰੇਨਾਂ ਚਲਾਉਣ ਲਈ ਨਿਜੀ ਇਕਾਈਆਂ ਨੂੰ ਆਗਿਆ ਦੇਣ ਦੀ ਯੋਜਨਾ ਬਾਰੇ ਰਸਮੀ ਰੂਪ ਵਿਚ ਕਦਮ ਚੁਕਿਆ ਜਿਸ 'ਤੇ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ। ਰੇਲਵੇ ਦੇ ਫ਼ੈਸਲੇ ਤਹਿਤ ਯਾਤਰੀ ਗੱਡੀਆਂ ਦੀ ਆਵਾਜਾਈ ਸਬੰਧੀ 109 ਮਾਰਗਾਂ 'ਤੇ 151 ਆਧੁਨਿਕ ਟਰੇਨਾਂ ਜ਼ਰੀਏ ਆਵਾਜਾਈ ਲਈ ਪਾਤਰਤਾ ਬੇਨਤੀ ਮੰਗੀ ਗਈ ਹੈ। ਰੇਲਵੇ ਨੇ ਕਿਹਾ ਹੈ ਕਿ ਇਸ ਵਿਚ ਨਿਜੀ ਖੇਤਰ ਤੋਂ ਲਗਭਗ 30 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ।
Indian Railway
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 109 ਰੇਲ ਮਾਰਗਾਂ 'ਤੇ ਟਰੇਨ ਚਲਾਉਣ ਲਈ ਨਿਜੀ ਇਕਾਈਆਂ ਨੂੰ ਆਗਿਆ ਦਿਤੇ ਜਾਣ ਦੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਗ਼ਰੀਬਾਂ ਦੀ ਇਕੋ-ਇਕ ਜੀਵਨ ਰੇਖਾ 'ਰੇਲ' ਉਨ੍ਹਾਂ ਕੋਲੋਂ ਖੋਹ ਰਹੀ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਸਰਕਾਰ ਦੇ ਇਸ ਫ਼ੈਸਲੇ ਦਾ ਲੋਕ ਕਰਾਰਾ ਜਵਾਬ ਦੇਣਗੇ।
Rahul Gandhi and PM Modi
ਗਾਂਧੀ ਨੇ ਟਵਿਟਰ 'ਤੇ ਕਿਹਾ, 'ਰੇਲ ਗ਼ਰੀਬਾਂ ਦੀ ਇਕੋ ਇਕ ਜੀਵਨ ਰੇਖਾ ਹੈ ਅਤੇ ਸਰਕਾਰ ਉਨ੍ਹਾਂ ਕੋਲੋਂ ਇਹ ਖੋਹ ਰਹੀ ਹੈ। ਜੋ ਖੋਹਣਾ ਹੈ, ਖੋਹ ਲਉ ਪਰ ਯਾਦ ਰੱਖੋ ਦੇਸ਼ ਦੀ ਜਨਤਾ ਇਸ ਦਾ ਕਰਾਰਾ ਜਵਾਬ ਦੇਵੇਗੀ।' ਕਾਂਗਰਸ ਨੇ ਸਵਾਲ ਕੀਤਾ ਕਿ ਆਖ਼ਰ ਇਸ ਵਿਸ਼ੇ 'ਤੇ ਸੰਸਦ ਵਿਚ ਚਰਚਾ ਕਰਾਉਣ ਜਾਂ ਮਨਜ਼ੂਰੀ ਦੇਣ ਦੀ ਉਡੀਕ ਕਿਉਂ ਨਹੀਂ ਕੀਤੀ ਗਈ? ਪਾਰਟੀ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਇਹ ਦਾਅਵਾ ਵੀ ਕੀਤਾ ਕਿ ਹੁਣ ਦੂਜੇ ਰੇਲਮਾਰਗਾਂ ਨੂੰ ਵੀ ਨਿਜੀ ਹੱਥਾਂ ਵਿਚ ਦਿਤਾ ਜਾਵੇਗਾ।
Rahul Gandhi
ਉਨ੍ਹਾਂ ਕਿਹਾ, 'ਰੇਲਵੇ ਲਗਭਗ ਢਾਈ ਕਰੋੜ ਲੋਕਾਂ ਨੂੰ ਸਫ਼ਰ ਕਰਵਾਉਂਦੀ ਹੈ ਯਾਨੀ ਆਸਟਰੇਲੀਆ ਦੀ ਆਬਾਦੀ ਦੇ ਬਰਾਬਰ ਲੋਕ ਰੇਲਵੇ ਰਾਹੀਂ ਇਕ ਥਾਂ ਤੋਂ ਦੂਜੀ ਥਾਂ ਜਾਂਦੇ ਹਨ। ਰੇਲਵੇ ਰੁਜ਼ਗਾਰ ਦੇਣ ਦੇ ਮਾਮਲੇ ਵਿਚ ਸਤਵੇਂ ਨੰਬਰ 'ਤੇ ਆਉਂਦੀ ਹੈ। ਭਾਰਤੀ ਰੇਲ ਦਾ ਨੈਟਵਰਕ ਦੁਨੀਆਂ ਵਿਚ ਦੂਜਾ ਸੱਭ ਤੋਂ ਵੱਡਾ ਹੈ।' ਸਿੰਘਵੀ ਨੇ ਸਵਾਲ ਕੀਤਾ, 'ਸਾਨੂੰ ਹੈਰਾਨੀ ਹੁੰਦੀ ਹੈ ਕਿ ਕਿਸ ਤਰ੍ਹਾਂ ਦੀ ਜ਼ਿੱਦ ਚੱਲ ਰਹੀ ਹੈ।
PM Narendra Modi
ਕੋਰੋਨਾ ਸੰਕਟ ਦੇ ਸਮੇਂ ਕੀ ਇਹ ਕੰਮ ਕਰਨਾ ਜ਼ਰੂਰੀ ਹੈ? ਕੀ ਰੇਲਵੇ ਦਾ ਨਿਜੀਕਰਨ ਕਰਨ ਨਾਲ ਦੇਸ਼ ਨੂੰ ਫ਼ਾਇਦਾ ਹੋਵੇਗਾ? ਕੀ ਇਸ ਵਕਤ ਟੈਂਡਰ ਵਿਚ ਜਿਹੜੀ ਰਕਮ ਮੰਗੀ ਗਈ ਹੈ, ਉਸ ਵਿਚੋਂ ਘੱਟੋ ਘੱਟ ਰਕਮ ਵੀ ਮਿਲੇਗੀ? ਉਨ੍ਹਾਂ ਕਿਹਾ ਕਿ ਦੇਸ਼ ਜਵਾਬ ਮੰਗਦਾ ਹੈ, ਚੁੱਪ ਨਹੀਂ ਚੱਲੇਗੀ।