
ਫ਼ਿਲਮੀ ਅਦਾਕਾਰਾ ਅਨੁਪਮ ਖੇਰ ਵਲੋਂ ਟਵੀਟ ਕਰਨ ’ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਅੱਜ
ਨਵੀਂ ਦਿੱਲੀ, 2 ਜੁਲਾਈ (ਸੁਖਰਾਜ ਸਿੰਘ): ਫ਼ਿਲਮੀ ਅਦਾਕਾਰਾ ਅਨੁਪਮ ਖੇਰ ਵਲੋਂ ਟਵੀਟ ਕਰਨ ’ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਅੱਜ ਕਾਨੂੰਨੀ ਨੋਟਿਸ ਭੇਜ ਕੇ ਇਸ ਕੁਤਾਹੀ ਲਈ ਤੁਰਤ ਮਾਫ਼ੀ ਮੰਗਣ ਅਤੇ ਵਿਵਾਦਗ੍ਰਸਤ ਟਵੀਟ ਡਲੀਟ ਕਰਨ ਕਰਨ ਲਈ ਆਖਿਆ ਹੈ। ਇਸ ਸਬੰਧੀ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦਸਿਆ ਕਿ ਅਨੁਪਮ ਖੇਰ ਨੇ ਗੁਰੂ ਗੋਬਿੰਦ ਸਿੰਘ ਨਾਲ ਜੁੜੇ ਉਸਤਤ ਦੇ ਦੋਹੇ ‘ਸਵਾ ਲਾਖ ਸੇ ਏਕ ਲੜਾਊਂ’ ਨੂੰ ਤੋੜ ਮਰੋੜ ਕੇ ਇਸ ਨੂੰ ‘ਸਵਾ ਲਾਖ ਸੇ ਏਕ ਭਿੜਾ ਦੂੰ’ ਕਰ ਦਿਤਾ।
ਉਨ੍ਹਾਂ ਕਿਹਾ ਕਿ ਇਸ ਤਰੀਕੇ ਦੋਹੇ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅਨੁਪਮ ਖੇਰ ਦੀ ਇਸ ਕਾਰਵਾਈ ਨਾਲ ਦੁਨੀਆਂ ਭਰ ਦੇ ਸਿੱਖਾਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਵਿਸ਼ਵ ਭਰ ਵਿਚ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਮਨਾਂ ਨੁੰ ਭਾਰੀ ਠੇਸ ਪਹੁੰਚੀ ਹੈ। ਸ. ਕਾਲਕਾ ਨੇ ਦਸਿਆ ਕਿ ਦਿੱਲੀ ਕਮੇਟੀ ਨੇ ਅਪਣੇ ਘੱਟ-ਗਿਣਤੀ ਸੈਲ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਰਾਹੀਂ ਅਨੁਪਮ ਖੇਰ ਨੂੰ ਨੋਟਿਸ ਭੇਜਵਾ ਕੇ ਵਿਵਾਦਗ੍ਰਸਤ ਟਵੀਟ ਤੁਰਤ ਡਾਲੀਟ ਕਰਨ ਤੇ ਸਿੱਖ ਕੌਮ ਤੋਂ ਮਾਫ਼ੀ ਮੰਗਣ ਲਈ ਕਿਹਾ ਗਿਆ ਹੈ।