
ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤਦ ਤਕ ਅੰਦੋਲਨ ਜਾਰੀ ਰਹੇਗਾ
ਚੰਡੀਗੜ੍ਹ: ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਅਸੀਮ ਗੋਇਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕਰ ਕੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗਲਬਾਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਕਾਰਣ ਅੰਬਾਲਾ ਲਾਗਲਾ ਸ਼ੰਭੂ ਬਾਰਡਰ ਬੰਦ ਪਿਆ ਹੈ ਤੇ ਆਮ ਲੋਕਾਂ ਨੂੰ ਅਨੇਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਅਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ-ਪੰਜਾਬ ਸੀਮਾ ’ਤੇ ਸ਼ੰਭੂ ਪਿੰਡ ’ਚ ਅਪਣਾ ਅੰਦੋਲਨ ਸ਼ੁਰੂ ਕੀਤਾ ਸੀ। ਤਦ ਤੋਂ ਹੀ ਦੋਵੇਂ ਸੂਬਿਆਂ ਦੀ ਇਹ ਹੱਦ ਬੰਦ ਪਈ ਹੈ।
ਇਕ ਅਧਿਕਾਰਤ ਬਿਆਨ ਅਨੁਸਾਰ ਅੰਬਾਲਾ ਸ਼ਹਿਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਸੀਮ ਗੋਇਲ ਨੇ ਕੇਂਦਰੀ ਖੇਤੀ ਮੰਤਰੀ ਚੌਹਾਨ ਨੂੰ ਕਿਹਾ ਕਿ ਇਸ ਬੰਦ ਕਾਰਣ ਆਮ ਜਨਤਾ, ਖ਼ਾਸ ਤੌਰ ’ਤੇ ਵਪਾਰੀਆਂ ਨੂੰ ਅਪਣਾ ਕਾਰੋਬਾਰ ਕਰਨ ਵਿਚ ਔਕੜ ਮਹਿਸੂਸ ਹੋ ਰਹੀ ਹੈ। ਹਰਿਆਣਾ ਦੇ ਮੰਤਰੀ ਨੇ ਕੇਂਦਰ ਸਰਕਾਰ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗਲਬਾਤ ਕਰ ਕੇ ਸੀਮਾ ਖੋਲ੍ਹਣ ਲਈ ਉਨ੍ਹਾਂ ਨੂੰ ਸਹਿਮਤ ਕਰਨ ਉਤੇ ਜ਼ੋਰ ਦਿਤਾ।
ਮੰਤਰੀ ਨੇ ਕਿਹਾ ਕਿ ਸੀਮਾ ਖੋਲ੍ਹਣ ਨਾਲ ਸਥਾਨਕ ਨਿਵਾਸੀਆਂ ਨੂੰ ਰਾਹਤ ਮਿਲਣ ਦੇ ਨਾਲ-ਨਾਲ ਕਾਰੋਬਾਰੀਆਂ ਨੂੰ ਵਪਾਰ ਕਰਨਾ ਸੁਖਾਲਾ ਹੋ ਜਾਵੇਗਾ।
ਉਧਰ ਕਿਸਾਨ-ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਬੁਧਵਾਰ ਨੂੰ ਦਾਅਵਾ ਕੀਤਾ ਕਿ ਕਿਸਾਨਾਂ ਨੇ ਹਾਈਵੇਅ ਨਹੀਂ ਰੋਕਿਆ ਹੈ, ਸਗੋਂ ਸਰਕਾਰ ਨੇ ਹੀ ਬੀਤੇ ਫ਼ਰਵਰੀ ਮਹੀਨੇ ਵਾੜਾਂ ਤੇ ਰੋਕਾਂ ਲਾ ਕੇ ‘ਦਿੱਲੀ ਚਲੋ ਮਾਰਚ’ ਨੂੰ ਰੋਕਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨ ਸਿਰਫ਼ ਸ਼ੰਭੂ ਬਾਰਡਰ ’ਤੇ ਹੀ ਨਹੀਂ, ਸਗੋਂ ਖਨੌਰੀ ਬਾਰਡਰ ’ਤੇ ਵੀ ਡਟੇ ਹੋਏ ਹਨ। ਸ਼ੰਭੂ ਬਾਰਡਰ ’ਤੇ ਪਿਛਲੇ 141 ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਚਲ ਰਿਹਾ ਹੈ ਤੇ ਇਹ ਉਦੋਂ ਤਕ ਚਲੇਗਾ, ਜਦੋਂ ਤਕ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ।