
ਅਜਿਹੇ 'ਚ ਉਹ ਸਦਨ ਦੀ ਕਾਰਵਾਈ 'ਚ ਹਿੱਸਾ ਨਹੀਂ ਲੈ ਸਕਣਗੇ।
ਨਵੀਂ ਦਿੱਲੀ: ਲੋਕ ਸਭਾ ਵਿਚ ਦਿੱਲੀ ਸੇਵਾਵਾਂ ਬਿੱਲ ਪਾਸ ਕਰ ਦਿਤਾ ਗਿਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਰਹਿੰਦੇ ਮਾਨਸੂਨ ਇਜਲਾਸ ਲਈ ਮੁਅੱਤਲ ਕਰ ਦਿਤਾ ਗਿਆ ਹੈ। ਉਨ੍ਹਾਂ 'ਤੇ ਸਪੀਕਰ ਓਮ ਬਿਰਲਾ ਦੀ ਕੁਰਸੀ 'ਤੇ ਕਾਗਜ਼ ਸੁੱਟਣ ਦਾ ਇਲਜ਼ਾਮ ਹੈ।
ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਨੇ 4000 ਰੁਪਏ ਰਿਸ਼ਵਤ ਲੈਂਦਾ ਸਰਕਾਰੀ ਐਂਬੂਲੈਂਸ ਡਰਾਈਵਰ ਦਬੋਚਿਆ
ਸੰਸਦ ਮੈਂਬਰ ਰਿੰਕੂ ਨੂੰ ਸੰਸਦ ਦੇ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿਤਾ ਗਿਆ ਹੈ। ਅਜਿਹੇ 'ਚ ਉਹ ਸਦਨ ਦੀ ਕਾਰਵਾਈ 'ਚ ਹਿੱਸਾ ਨਹੀਂ ਲੈ ਸਕਣਗੇ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਵੀ ਪੂਰੇ ਮਾਨਸੂਨ ਸੈਸ਼ਨ ਲਈ ਮੁਅੱਤਲ ਕਰ ਦਿਤਾ ਗਿਆ ਹੈ। ਰਿੰਕੂ ਵਿਰੁਧ ਇਹ ਕਾਰਵਾਈ ਹੇਠਲੇ ਸਦਨ ਵਿਚ ਦਿੱਲੀ ’ਚ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਨਾਲ ਸਬੰਧਤ ‘ਦਿੱਲੀ ਨੈਸ਼ਨਲ ਕੈਪੀਟਲ ਟੈਰੀਟਰੀ ਗਵਰਨੈਂਸ ਸੋਧ ਬਿਲ 2023’ ਪਾਸ ਹੋਣ ਮਗਰੋਂ ਕੀਤੀ ਗਈ ਹੈ। ਬਿਲ ਪਾਸ ਹੋਣ ਤੋਂ ਤੁਰਤ ਬਾਅਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਪੀਲ ਕੀਤੀ ਕਿ,‘‘ਆਮ ਆਦਮੀ ਪਾਰਟੀ ਦੇ ਮੈਂਬਰ ਰਿੰਕੂ ਨੇ ਕਾਗਜ਼ ਪਾੜ ਕੇ ਆਸਣ ਦੇ ਸਾਹਮਣੇ ਸੁੱਟ ਦਿਤਾ ਹੈ।
ਉਨ੍ਹਾਂ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ।’’ ਇਸ ਤੋਂ ਬਾਅਦ ਬਿਰਲਾ ਨੇ ਕਿਹਾ,‘‘ਮੈਂ ਕੋਸ਼ਿਸ਼ ਕੀਤੀ ਕਿ ਮਾਣਯੋਗ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਸਦਨ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਪਰ ਉਨ੍ਹਾਂ ਸਦਨ ਦੀ ਮਰਿਆਦਾ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ। ਮੈਂ ਉਨ੍ਹਾਂ ਨੂੰ ਨਾਮਜ਼ਦ ਕਰਦਾ ਹਾਂ।’’ ਜੋਸ਼ੀ ਨੇ ਫਿਰ ਪ੍ਰਸਤਾਵ ਦਿਤਾ,‘‘ਨਿਯਮ 374 ਦੇ ਤਹਿਤ, ਮੈਂ ਪ੍ਰਸਤਾਵ ਕਰਦਾ ਹਾਂ ਕਿ ਰਿੰਕੂ ਨੂੰ ਕੁਰਸੀ ਦੇ ਸਾਹਮਣੇ ਕਾਗਜ਼ ਸੁੱਟਣ ਲਈ ਬਾਕੀ ਸੈਸ਼ਨ ਲਈ ਮੁਅੱਤਲ ਕੀਤਾ ਜਾਵੇ।’’ ਬਿਰਲਾ ਨੇ ਕਿਹਾ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਇਸ ਸੈਸ਼ਨ ਦੀ ਬਾਕੀ ਮਿਆਦ ਲਈ ਮੁਅੱਤਲ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਬਿਲ ’ਤੇ ਚਰਚਾ ’ਚ ਹਿੱਸਾ ਲੈਂਦੇ ਹੋਏ ਰਿੰਕੂ ਨੇ ਦੋਸ਼ ਲਗਾਇਆ ਸੀ ਕਿ ਇਸ ਬਿਲ ਦੇ ਪਾਸ ਹੋਣ ਨਾਲ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਸੋਚ ਖ਼ਤਮ ਹੋ ਜਾਵੇਗੀ।
ਮੁਅੱਤਲ ਹੋਣ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਸੰਵਿਧਾਨ ਟੁੱਟ ਰਿਹਾ ਹੈ। ਦੇਸ਼ ਦਾ ਲੋਕਤੰਤਚ ਖ਼ਤਰੇ ਵਿਚ ਹੈ। ਇਸ ਦੀ ਸ਼ੁਰੂਆਤ ਕੇਂਦਰ ਦੀ ਸਰਕਾਰ ਨੇ ਦਿੱਲੀ ਤੋਂ ਕੀਤੀ ਹੈ। ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦੀਆਂ ਤਾਕਤਾਂ ਖਤਮ ਕਰਕੇ ਬਿਨਾਂ ਚੁਣੇ ਹੋਏ ਲੋਕਾਂ ਦੇ ਹੱਥਾਂ ਵਿਚ ਦੇਣਾ ਸੰਘੀ ਢਾਂਚੇ ਦਾ ਅਪਮਾਨ ਹੈ। ਦਿੱਲੀ ਦੀ ਵਿਜੀਲੈਂਸ ਵੀ ਕੇਂਦਰ ਕੋਲ ਹੈ। ਦਿੱਲੀ ਸਰਕਾਰ ਕੋਲ ਕਿਸੇ ਤਰ੍ਹਾਂ ਦੀ ਕੋਈ ਵਿਜੀਲੈਂਸ ਦੀ ਤਾਕਤ ਨਹੀਂ ਹੈ। ਕੋਰਟ ਫੈਸਲਾ ਕਰੇਗਾ ਕੌਣ ਭ੍ਰਿਸ਼ਟਾਚਾਰੀ ਹਨ ਜਾਂ ਨਹੀਂ ਕੇਂਦਰ ਕੌਣ ਹੁੰਦੀ ਹੈ ਇਸ 'ਤੇ ਫੈਸਲਾ ਕਰਨ ਵਾਲੀ। ਕੇਂਦਰ ਕੁਝ ਵੀ ਕਰ ਸਕਦੀ ਹੈ ਇਸ ਦੇ ਹੱਥ ਵਿਚ ਸਾਰੀਆਂ ਤਾਕਤਾਂ ਹਨ।