-ਮਾਮਲਿਆਂ ਦੀ ਜਾਂਚ ਲਈ 3 ਐਸ.ਆਈ.ਟੀਜ਼ ਗਠਿਤ
-ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਇਲਾਕਿਆਂ 'ਚ 8 ਹੋਰ ਟੀਮਾਂ ਵਲੋਂ ਛਾਪੇਮਾਰੀ ਜਾਰੀ
-ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਤੈਨਾਤ ਕੀਤੀਆਂ ਸੁਰੱਖਿਆ ਬਲਾਂ ਦੀਆਂ 34 ਕੰਪਨੀਆਂ
-5 ਅਗਸਤ ਤਕ ਬੰਦ ਰਹਿਣਗੀਆਂ ਇੰਟਰਨੈੱਟ ਸੇਵਾਵਾਂ
-ਸੋਸ਼ਲ ਮੀਡੀਆ 'ਤੇ ਅਫ਼ਵਾਹਾਂ ਫੈਲਾਉਣ ਵਾਲਿਆਂ 'ਤੇ ਪੁਲਿਸ ਦੀ ਤਿੱਖੀ ਨਜ਼ਰ, 3 FIRs ਦਰਜ
- ਹੁਣ ਤਕ 6 ਮੌਤਾਂ ਅਤੇ 60 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ
ਚੰਡੀਗੜ੍ਹ : ਨੂਹ ਹਿੰਸਾ ਮਾਮਲੇ ਸਬੰਧੀ ਐਸ.ਪੀ. ਵਰੁਣ ਸਿੰਗਲਾ ਵਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਹੁਣ ਤਕ ਇਸ ਮਾਮਲੇ ਵਿਚ 45 ਐਫ਼.ਆਈ.ਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਅਤੇ 139 ਦੋਸ਼ੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਭਾਰਤੀ ਲਾੜੇ ਨੇ ਪਾਕਿਸਤਾਨੀ ਲਾੜੀ ਨਾਲ ONLINE ਕਬੂਲਿਆ ਨਿਕਾਹ
ਐਸ.ਪੀ. ਵਰੁਣ ਸਿੰਗਲਾ ਦਾ ਕਹਿਣਾ ਹੈ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਤਿੰਨ ਐਸ.ਆਈ.ਟੀਜ਼ ਗਠਿਤ ਕੀਤੀਆਂ ਗਈਆਂ ਹਨ ਜੋ ਬਾਰੀਕੀ ਨਾਲ ਮਾਮਲਿਆਂ ਦੀ ਘੋਖ ਕਰ ਰਹੀਆਂ ਹਨ। ਇਸ ਤੋਂ ਇਲਾਵਾ ਮਾਮਲੇ ਵਿਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਇਲਾਕਿਆਂ ’ਚ ਅੱਠ ਹੋਰ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਦਸਿਆ ਕਿ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਬਲਾਂ ਦੀਆਂ 34 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ 13 ਪੈਰਾਮਿਲਟਰੀ ਅਤੇ 21 ਹਰਿਆਣਾ ਪੁਲਿਸ ਦੀਆਂ ਕੰਪਨੀਆਂ ਹਨ। ਇਸ ਤੋਂ ਇਲਾਵਾ ਨੂਹ ਪੁਲਿਸ ਵਲੋਂ ਵੀ ਅਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੀਆਂ 2 ’ਵਰਸਿਟੀਆਂ ਦੇ VCs ਦਾ ਕਾਰਜਕਾਲ 6 ਮਹੀਨੇ ਲਈ ਵਧਾਇਆ
ਐਸ.ਪੀ. ਵਰੁਣ ਸਿੰਗਲਾ ਨੇ ਦਸਿਆ ਕਿ ਸੋਸ਼ਲ ਮੀਡੀਆ ’ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ’ਤੇ ਵੀ ਪੁਲਿਸ ਦੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਸ ਮਾਮਲੇ ਵਿਚ ਤਿੰਨ ਐਫ਼.ਆਈ.ਆਰ. ਦਰਜ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦਸਿਆ ਕਿ ਹੁਣ ਤਕ 6 ਮੌਤਾਂ ਹੋ ਚੁੱਕੀਆਂ ਹਨ ਅਤੇ 60 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਉਨ੍ਹਾਂ ਦਸਿਆ ਕਿ ਜਿਨ੍ਹਆਂ ਇਲਾਕਿਆਂ 'ਚ ਇਹ ਘਟਨਾ ਵਾਪਰੀ, ਉਥੇ ਨਿਜੀ ਅਤੇ ਸਰਕਾਰੀ ਸੀ.ਸੀ.ਟੀ.ਵੀ. ਫੁਟੇਜ ਆਦਿ ਰਾਹੀਂ ਜਾਂਚ ਕੀਤੀ ਜਾ ਰਹੀ ਹੈ। ਆਮ ਲੋਕਾਂ ਦੀ ਸਹੂਲਤ ਲਈ ਅੱਜ ਵੀ ਕਰਫਿਊ ਵਿਚ ਢਿੱਲ ਦਿਤੀ ਗਈ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫ਼ਵਾਹਾਂ ਨੂੰ ਰੋਕਣ ਲਈ 5 ਅਗਸਤ ਤਕ ਇਨਟਰਨੈੱਟ ਸੇਵਾਵਾਂ ’ਤੇ ਪਾਬੰਧੀ ਲਗਾਈ ਗਈ ਹੈ। ਫਿਲਹਾਲ ਜ਼ਿਲ੍ਹੇ ਵਿਚ ਹਿੰਸਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ, ਸਥਿਤੀ ਕਾਬੂ ਹੇਠ ਹੈ।