ਬੇਕਰੀ ਗੈਰ-ਕਾਨੂੰਨੀ ਤੌਰ ’ਤੇ ਇਕ ਛੱਪੜ ’ਤੇ ਬਣਾਈ ਗਈ ਸੀ ,ਜਿਸ ਕਾਰਨ ਇਸ ਨੂੰ ਢਾਹ ਦਿਤਾ ਗਿਆ
Ayodhya Gang Rape Case : ਅਯੁੱਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਸਨਿਚਰਵਾਰ ਨੂੰ 12 ਸਾਲਾ ਲੜਕੀ ਨਾਲ ਜਬਰ ਜਨਾਹ ਦੇ ਦੋਸ਼ੀ ਮੋਈਦ ਖਾਨ ਦੀ ਬੇਕਰੀ ਨੂੰ ਢਾਹ ਦਿਤਾ।
ਅਯੁੱਧਿਆ ਦੇ ਜ਼ਿਲ੍ਹਾ ਮੈਜਿਸਟਰੇਟ ਚੰਦਰ ਵਿਜੇ ਸਿੰਘ ਨੇ ਦਸਿਆ ਕਿ ਖਾਨ ਦੀ ਬੇਕਰੀ ਨੂੰ ਢਾਹ ਦਿਤਾ ਗਿਆ ਹੈ। ਇਸ ਬੇਕਰੀ ’ਚ ਇਕ ਵੱਡਾ ਅਤੇ ਇਕ ਛੋਟਾ ਕਮਰਾ ਸੀ। ਬੇਕਰੀ ਗੈਰ-ਕਾਨੂੰਨੀ ਤੌਰ ’ਤੇ ਇਕ ਛੱਪੜ ’ਤੇ ਬਣਾਈ ਗਈ ਸੀ ,ਜਿਸ ਕਾਰਨ ਇਸ ਨੂੰ ਢਾਹ ਦਿਤਾ ਗਿਆ ਹੈ।
ਇਸ ਤੋਂ ਪਹਿਲਾਂ ਪੁਲਿਸ ਨੇ ਬੇਕਰੀ ਮਾਲਕ ਮੋਈਦ ਖਾਨ ਅਤੇ ਉਸ ਦੇ ਮੁਲਾਜ਼ਮ ਰਾਜੂ ਖਾਨ ਨੂੰ 30 ਜੁਲਾਈ ਨੂੰ ਅਯੁੱਧਿਆ ਜ਼ਿਲ੍ਹੇ ਦੇ ਪੁਰਾਕਲਾਂਦਰ ਇਲਾਕੇ ਤੋਂ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ।
ਪੁਲਿਸ ਸੂਤਰਾਂ ਨੇ ਦਸਿਆ ਕਿ ਮੋਈਦ ਅਤੇ ਰਾਜੂ ਨੇ ਦੋ ਮਹੀਨੇ ਪਹਿਲਾਂ ਨਾਬਾਲਗ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਸੀ ਅਤੇ ਇਸ ਘਟਨਾ ਨੂੰ ਰੀਕਾਰਡ ਵੀ ਕੀਤਾ ਸੀ। ਉਨ੍ਹਾਂ ਦਸਿਆ ਕਿ ਇਹ ਘਟਨਾ ਹਾਲ ਹੀ ’ਚ ਉਸ ਸਮੇਂ ਸਾਹਮਣੇ ਆਈ ਜਦੋਂ ਡਾਕਟਰੀ ਜਾਂਚ ’ਚ ਪਤਾ ਲੱਗਾ ਕਿ ਪੀੜਤਾ ਗਰਭਵਤੀ ਸੀ। ਇਹ ਮਾਮਲਾ ਉਦੋਂ ਸਿਆਸੀ ਬਣ ਗਿਆ ਜਦੋਂ ਇਹ ਦਾਅਵਾ ਕੀਤਾ ਗਿਆ ਕਿ ਮੋਈਦ ਸਮਾਜਵਾਦੀ ਪਾਰਟੀ (ਐਸ.ਪੀ.) ਦਾ ਮੈਂਬਰ ਹੈ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀਰਵਾਰ ਨੂੰ ਵਿਧਾਨ ਸਭਾ ’ਚ ਇਸ ਘਟਨਾ ਦਾ ਜ਼ਿਕਰ ਕੀਤਾ ਅਤੇ ਸਪਾ ’ਤੇ ਨਿਸ਼ਾਨਾ ਸਾਧਿਆ। ਯੋਗੀ ਨੇ ਕਿਹਾ, ‘‘ਇਹ ਅਯੁੱਧਿਆ ਦਾ ਮਾਮਲਾ ਹੈ। ਮੋਈਦ ਖਾਨ ਸਮਾਜਵਾਦੀ ਪਾਰਟੀ ਤੋਂ ਹਨ ਅਤੇ ਅਯੁੱਧਿਆ ਸੰਸਦ ਮੈਂਬਰ ਦੀ ਟੀਮ ਦੇ ਮੈਂਬਰ ਹਨ। ਉਹ 12 ਸਾਲ ਦੀ ਲੜਕੀ ਨਾਲ ਜਬਰ ਜਨਾਹ ’ਚ ਸ਼ਾਮਲ ਪਾਇਆ ਗਿਆ ਹੈ। ਸਮਾਜਵਾਦੀ ਪਾਰਟੀ ਨੇ ਉਸ ਦੇ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਹੈ।’’
ਸ਼ੁਕਰਵਾਰ ਨੂੰ ਪੀੜਤਾ ਦੀ ਮਾਂ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਉਸ ਦੀ ਸਿਹਤ ਅਤੇ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕਰਨ ਦੇ ਹੁਕਮ ਦਿਤੇ।
ਸ਼ੁਕਰਵਾਰ ਨੂੰ ਜਬਰ ਜਨਾਹ ਪੀੜਤਾ ਦੀ ਮਾਂ ਨੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਯੋਗੀ ਨਾਲ ਮੁਲਾਕਾਤ ਤੋਂ ਬਾਅਦ ਪੀੜਤਾ ਦੀ ਮਾਂ ਨੇ ਮੀਡੀਆ ਨੂੰ ਦਸਿਆ ਕਿ ਉਨ੍ਹਾਂ ਨੇ ਸਰਕਾਰ ਤੋਂ ਉਨ੍ਹਾਂ ਦੀ ਬੱਚੀ ਨਾਲ ਜਬਰ ਜਨਾਹ ਕਰਨ ਵਾਲਿਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ, ਜਿਸ ’ਤੇ ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿਤਾ ਹੈ ਕਿ ਸਰਕਾਰ ਲੜਕੀ ਨੂੰ ਹਰ ਕੀਮਤ ’ਤੇ ਇਨਸਾਫ ਦਿਵਾਉਣ ਲਈ ਵਚਨਬੱਧ ਹੈ।
ਲੜਕੀ ਦੀ ਮਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿਤਾ ਹੈ ਕਿ ਦੋਸ਼ੀ ਮੋਈਦ ਖਾਨ ਦੀਆਂ ਜਾਇਦਾਦਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਗੈਰ-ਕਾਨੂੰਨੀ ਜਾਇਦਾਦਾਂ ’ਤੇ ਬੁਲਡੋਜ਼ਰ ਚਲਾਏ ਜਾਣਗੇ।