
ਪੀੜਤ ਕਾਂਸਟੇਬਲ ਨੇ ਥਾਣਾ ਬਲੀਆ ਦੇ ਐਸਪੀ ਨੂੰ ਪੱਤਰ ਭੇਜ ਕੇ ਉਕਤ ਥਾਣੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ
Uttar Pradesh : ਯੂਪੀ ਦੇ ਬਲੀਆ ਜ਼ਿਲ੍ਹੇ ਵਿੱਚ ਜਦੋਂ ਇੱਕ ਕਾਂਸਟੇਬਲ ਨੇ ਆਪਣੀ ਬੀਮਾਰ ਪਤਨੀ ਦੇ ਇਲਾਜ ਲਈ ਛੁੱਟੀ ਮੰਗੀ ਤਾਂ ਥਾਣੇਦਾਰ ਨੇ ਉਸ ਨੂੰ ਡਾਂਟ ਕੇ ਭਜਾ ਦਿੱਤਾ। ਦੋ ਦਿਨ ਬਾਅਦ ਉਹ ਹੈੱਡ ਮੋਹਰੀਰ ਤੋਂ ਡਾਕ ਲੈ ਕੇ ਰਾਤ ਨੂੰ ਘਰ ਲਈ ਰਵਾਨਾ ਹੋ ਗਿਆ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਪਤਨੀ ਦੀ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ ਹੈ।
ਪੀੜਤ ਕਾਂਸਟੇਬਲ ਨੇ ਥਾਣਾ ਬਲੀਆ ਦੇ ਐਸਪੀ ਨੂੰ ਪੱਤਰ ਭੇਜ ਕੇ ਉਕਤ ਥਾਣੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਕਾਂਸਟੇਬਲ ਦੀ ਪੰਜ ਮਹੀਨੇ ਦੀ ਬੇਟੀ ਵੀ ਹੈ। ਹੁਣ ਉਹ ਬਹੁਤ ਪਰੇਸ਼ਾਨ ਹੈ। ਕਾਂਸਟੇਬਲ ਦਾ ਆਰੋਪ ਹੈ ਕਿ ਜੇਕਰ ਉਸ ਨੂੰ ਛੁੱਟੀ ਦਿੱਤੀ ਜਾਂਦੀ ਤਾਂ ਉਹ ਆਪਣੀ ਪਤਨੀ ਦਾ ਇਲਾਜ ਕਰਵਾ ਲੈਂਦਾ ਅਤੇ ਉਹ ਬਚ ਜਾਂਦੀ। ਕਾਂਸਟੇਬਲ ਦੀ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਕਾਂਸਟੇਬਲ ਨੇ ਮੰਗੀ ਸੀ ਇਕ ਦਿਨ ਦੀ ਛੁੱਟੀ
ਦੱਸਿਆ ਜਾ ਰਿਹਾ ਹੈ ਕਿ ਬਲੀਆ ਜ਼ਿਲ੍ਹੇ ਦੇ ਸਿਕੰਦਰਪੁਰ ਥਾਣੇ ਦੇ ਕਾਂਸਟੇਬਲ ਪ੍ਰਦੀਪ ਸੋਨਕਰ ਨੇ 27 ਜੁਲਾਈ 2024 ਨੂੰ ਇੱਕ ਦਿਨ ਦੀ ਛੁੱਟੀ ਮੰਗੀ ਸੀ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਤਬੀਅਤ ਬਹੁਤ ਖ਼ਰਾਬ ਸੀ ਅਤੇ ਉਸ ਦਾ ਇਲਾਜ ਲਈ ਜਾਣਾ ਜ਼ਰੂਰੀ ਸੀ ਪਰ ਇਲਜ਼ਾਮ ਹੈ ਕਿ ਐਸਐਚਓ ਦਿਨੇਸ਼ ਪਾਠਕ ਨੇ ਉਸ ਨੂੰ ਝਿੜਕ ਕੇ ਭਜਾ ਦਿੱਤਾ। ਦੋ ਦਿਨ ਬਾਅਦ 29 ਜੁਲਾਈ ਦੀ ਰਾਤ ਨੂੰ ਉਹ ਹੈੱਡ ਮੋਹਰੀਰ ਤੋਂ ਡਾਕ ਲੈ ਕੇ ਘਰ ਲਈ ਰਵਾਨਾ ਹੋ ਗਿਆ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ।
ਪੁਲਿਸ ਸੁਪਰਡੈਂਟ ਨੇ ਸੀਓ ਨੂੰ ਦਿੱਤੇ ਜਾਂਚ ਦੇ ਹੁਕਮ
ਇਸ ਘਟਨਾ ਨੂੰ ਲੈ ਕੇ ਲੋਕਾਂ 'ਚ ਥਾਣਾ ਸਦਰ ਖਿਲਾਫ ਗੁੱਸਾ ਹੈ। ਸੋਸ਼ਲ ਮੀਡੀਆ 'ਤੇ ਲੋਕ ਆਰੋਪੀ ਥਾਣੇਦਾਰ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਪੁਲਿਸ ਸੁਪਰਡੈਂਟ ਨੇ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੀਓ ਨੂੰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ