
ਬੌਬ ਦਾ 71 ਸਾਲ ਦੀ ਉਮਰ ’ਚ ਹੋਇਆ ਦੇਹਾਂਤ
Famous comedian Madan Bob loses battle for life due to cancer : ਪ੍ਰਸਿੱਧ ਕਾਮੇਡੀਅਨ ਅਤੇ ਤਾਮਿਲ ਸਿਨੇਮਾ ਦੇ ਅਦਾਕਾਰ ਮਦਨ ਬੌਬ ਦਾ 71 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਚੇਨਈ ਸਥਿਤ ਆਪਣੇ ਘਰ ’ਚ ਹੀ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਦੱਖਣੀ ਫਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ’ਚ ਸੋਗ ਦੀ ਲਹਿਰ ਦੌੜ ਗਈ।
ਮਦਨ ਬੌਬ ਦਾ ਅਸਲੀ ਨਾਮ ਐਸ. ਕ੍ਰਿਸ਼ਨਾਮੂਰਤੀ ਸੀ ਅਤੇ ਉਨ੍ਹਾਂ 200 ਤੋਂ ਵੱਧ ਤਾਮਿਲ ਫਿਲਮਾਂ ਵਿੱਚ ਕੰਮ ਕੀਤਾ ਅਤੇ ਉਹ ਲਗਭਗ ਹਰ ਘਰ ਦੇ ਚਹੇਤੇ ਕਾਮੇਡੀਅਨ ਬਣ ਗਏ ਸਨ। ਉਨ੍ਹਾਂ 1980 ’ਚ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੂੰ ‘ਨੇਗਲ ਕੇਟਾਵਈ’, ‘ਵਾਨਮੇ ਏਲਾਈ’ ਅਤੇ ‘ਥੇਵਰ ਮਗਨ’ ਵਰਗੀਆਂ ਫਿਲਮਾਂ ਤੋਂ ਪਛਾਣ ਮਿਲੀ।
ਇਸ ਤੋਂ ਬਾਅਦ ਉਨ੍ਹਾਂ ‘ਸਾਥੀ ਲੀਲਾਵਤੀ’, ‘ਚੰਦਰਮੁਖੀ’, ‘ਕਾਵਲਨ’, ‘ਰਨ’, ‘ਵਰਾਲੂਰੂ’ ਅਤੇ ‘ਵਾਸੂਲ ਰਾਜਾ ਐਮਬੀਬੀਐਸ’ ਵਰਗੀਆਂ ਹਿੱਟ ਕਾਮੇਡੀ ਫਿਲਮਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਮਦਨ ਬੌਬ ਨੇ ਰਜਨੀਕਾਂਤ, ਕਮਲ ਹਾਸਨ, ਵਿਜੇ, ਸੂਰਿਆ ਅਤੇ ਅਜੀਤ ਵਰਗੇ ਵੱਡੇ ਸਿਤਾਰਿਆਂ ਨਾਲ ਸਕ੍ਰੀਨ ਸਾਂਝੀ ਕੀਤੀ ਸੀ।
ਫਿਲਮਾਂ ਤੋਂ ਇਲਾਵਾ ਮਦਨ ਬੌਬ ਛੋਟੇ ਪਰਦੇ ’ਤੇ ਵੀ ਬਹੁਤ ਮਸ਼ਹੂਰ ਸਨ। ਉਹ ਆਪਣੇ 8 ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਮਦਨ ਬੌਬ ਨਾ ਸਿਰਫ਼ ਇੱਕ ਚੰਗੇ ਅਦਾਕਾਰ ਸਨ, ਸਗੋਂ ਉਹ ਇੱਕ ਸੰਗੀਤਕਾਰ ਵੀ ਸਨ। ਮਦਨ ਬੌਬ ਦੀਆਂ ਯਾਦਾਂ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਰਹਿਣਗੀਆਂ।