
ਸ਼੍ਰੀਰਾਮ ਫ਼ੌਜ ਦੇ ਤਾਲੁਕ ਪ੍ਰਧਾਨ ਸਮੇਤ ਤਿੰਨ ਗ੍ਰਿਫਤਾਰ, ਮੁੱਖ ਮੰਤਰੀ ਸਿਧਾਰਮਈਆ ਨੇ ਇਸ ਨੂੰ ਕੱਟੜਵਾਦ ਤੋਂ ਪ੍ਰੇਰਿਤ ‘ਘਿਨਾਉਣਾ ਕੰਮ’ ਦਸਿਆ
ਬੈਂਗਲੁਰੂ : ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ ਬੇਲਗਾਵੀ ਜ਼ਿਲ੍ਹੇ ਦੇ ਹੁਲੀਕੱਟੀ ਪਿੰਡ ਦੇ ਇਕ ਸਰਕਾਰੀ ਸਕੂਲ ’ਚ ਪੀਣ ਵਾਲੇ ਪਾਣੀ ’ਚ ਕਥਿਤ ਤੌਰ ਉਤੇ ਜ਼ਹਿਰੀਲਾ ਪਦਾਰਥ ਪਾਏ ਜਾਣ ਵਾਲੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ‘ਐਕਸ’ ਉਤੇ ਇਕ ਪੋਸਟ ਵਿਚ ਸਿਧਾਰਮਈਆ ਨੇ ਇਸ ਨੂੰ ਧਾਰਮਕ ਨਫ਼ਰਤ ਅਤੇ ਕੱਟੜਵਾਦ ਤੋਂ ਪ੍ਰੇਰਿਤ ‘ਘਿਨਾਉਣਾ ਕੰਮ’ ਕਰਾਰ ਦਿਤਾ।
ਸਿਧਾਰਮਈਆ ਨੇ ਇਕ ਬਿਆਨ ’ਚ ਕਿਹਾ ਕਿ ਬੇਲਗਾਵੀ ਜ਼ਿਲ੍ਹੇ ਦੇ ਸਵਾਦਤੀ ਤਾਲੁਕ ਦੇ ਹੁਲੀਕੱਟੀ ਪਿੰਡ ਦੇ ਸਰਕਾਰੀ ਸਕੂਲ ਦਾ ਹੈੱਡਮਾਸਟਰ ਮੁਸਲਿਮ ਭਾਈਚਾਰੇ ਨਾਲ ਸਬੰਧਤ ਹੈ। ਸ਼੍ਰੀਰਾਮ ਫ਼ੌਜ ਦੇ ਤਾਲੁਕ ਪ੍ਰਧਾਨ ਸਾਗਰ ਪਾਟਿਲ ਅਤੇ ਦੋ ਹੋਰਾਂ ਨੂੰ ਸਕੂਲੀ ਬੱਚਿਆਂ ਦੇ ਪੀਣ ਵਾਲੇ ਪਾਣੀ ਨੂੰ ਜ਼ਹਿਰੀਲਾ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਲਗਭਗ 15 ਦਿਨ ਪਹਿਲਾਂ ਵਾਪਰੀ ਸੀ, ਜਿਸ ਦੌਰਾਨ ਕਈ ਬੱਚੇ ਬਿਮਾਰ ਹੋ ਗਏ ਸਨ, ਹਾਲਾਂਕਿ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਭਾਜਪਾ ਨੇਤਾਵਾਂ ਅਤੇ ਸੱਜੇ ਪੱਖੀ ਸੰਗਠਨਾਂ ਉਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਿਆਸੀ ਫਾਇਦੇ ਲਈ ਧਰਮ ਦੇ ਨਾਂ ਉਤੇ ਨਫ਼ਰਤ ਫੈਲਾਉਂਦੇ ਹਨ, ਉਨ੍ਹਾਂ ਨੂੰ ਸਵੈ-ਵਿਚਾਰ ਕਰਨਾ ਚਾਹੀਦਾ ਹੈ।