
ਦੇਪਸਾਂਗ ਦੇ ਮੈਦਾਨੀ ਇਲਾਕਿਆਂ 'ਚ ਕੀਤੀ ਸੈਨਾ ਦੇ ਵਿਸ਼ੇਸ਼ ਦਸਤਿਆਂ ਦੀ ਤੈਨਾਤੀ
ਨਵੀਂ ਦਿੱਲੀ : ਭਾਰਤ ਨੇ ਲਾਈਨ ਆਫ਼ ਐਕਚੂਅਲ ਕੰਟਰੋਲ (ਐਲਏਸੀ) 'ਤੇ ਚੌਕਸੀ ਵਧਾ ਦਿਤੀ ਹੈ। ਭਾਰਤ ਹੁਣ ਬਾਰਡਰ ਨੂੰ ਸੇਫ਼ ਰੱਖਣ ਦੇ ਮੋੜ ਵਿਚ ਆ ਗਿਆ ਹੈ। ਪੈਂਗੋਂਗ ਝੀਲ 'ਤੇ ਭਾਰਤ ਦੇ ਕਰਾਰੇ ਜਵਾਬ ਤੋਂ ਬੁਖਲਾਏ ਚੀਨ ਵਲੋਂ ਜਵਾਬੀ ਐਕਸ਼ਨ ਦੀਆਂ ਸੰਭਾਵਨਾਵਾਂ ਦਰਮਿਆਨ ਭਾਰਤ ਨੇ ਵੀ ਸਥਿਤੀ ਨਾਲ ਨਜਿੱਠਣ ਲਈ ਕਮਰਕੱਸ ਲਈ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੇ ਚੁਸ਼ੂਲ ਸੈਕਟਰ ਵਿਚ ਅਪਣੀਆਂ ਗਤੀਵਿਧੀਆਂ ਵਧਾ ਦਿਤੀਆਂ ਹਨ।
Indo-China border
ਇਸ ਤੋਂ ਇਲਾਵਾ ਹੁਣ ਉਸਦਾ ਧਿਆਨ ਅਕਸਾਈ ਚਿੰਨ ਇਲਾਕੇ ਵੱਲ ਵੀ ਹੈ। ਪਿਛਲੇ ਕੁੱਝ ਦਿਨਾਂ ਤੋਂ ਇੱਥੇ ਪੀਐਲਏ ਦੀ ਹਲਚਲ ਵਧੀ ਹੈ। ਜਵਾਬ ਵਿਚ ਭਾਰਤ ਨੇ ਵੀ ਵਧੇਰੇ ਫੋਰਸ, ਹਥਿਆਰ, ਗੋਲਾ-ਬਾਰੂਦ ਇਕੱਠਾ ਕਰ ਲਿਆ ਹੈ। ਭਾਰਤੀ ਫ਼ੌਜ ਐਲਏਸੀ 'ਤੇ ਪੀਐਲਏ ਦੀ ਹਰ ਹਰਕਤ 'ਤੇ ਨਜ਼ਰ ਰੱਖ ਰਹੀ ਹੈ।
India china border
ਚੀਨ ਦੀ ਚਾਲ ਵੇਖ ਕੇ ਰਫਤਾਰ ਬਦਲ ਰਿਹਾ ਭਾਰਤ : ਭਾਰਤ ਚੀਨੀ ਫ਼ੌਜ ਦੀ ਹਰ ਹਰਕਤ 'ਤੇ ਨਜ਼ਰ ਰੱਖ ਰਿਹਾ ਹੈ। ਇਸੇ ਮੁਤਾਬਕ ਹੀ ਭਾਰਤ ਅਗਲੇਰੇ ਕਦਮ ਚੁੱਕ ਰਿਹਾ ਹੈ। ਚੀਨੀ ਫ਼ੌਜ ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਨਾਜ਼ੁਕ ਥਾਵਾਂ 'ਤੇ ਭਾਰਤ ਨੇ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਇੰਤਜ਼ਾਮ ਕਰ ਲਏ ਹਨ।
china border
ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਇਕ ਅਖ਼ਬਾਰੀ ਰਿਪੋਰਟ ਦਾ ਕਹਿਣਾ ਹੈ ਕਿ ਕਿ ਭਾਰਤੀ ਫ਼ੌਜ ਹੁਣ ਸਕਿਊਰ ਬਾਰਡਰ ਮੋੜ ਵਿਚ ਹੈ ਤਾਂਕਿ ਲੱਦਾਖ ਵਿਚ ਚੀਨੀ ਪੀਐਲਏ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾ ਸਕੇ। ਭਾਰਤੀ ਫ਼ੌਜਾਂ ਦੀ ਤੈਨਾਤੀ ਦੀ ਚੀਨ ਦੇ ਤੇਵਰਾਂ ਦੇ ਹਿਸਾਬ ਨਾਲ ਕੀਤੀ ਗਈ ਹੈ।
China and India
ਦੇਪਸਾਂਗ ਅਤੇ ਚੁਮੁਰ 'ਤੇ ਦਿਤਾ ਜਾ ਰਿਹੈ ਵਧੇਰੇ ਧਿਆਨ : ਭਾਰਤੀ ਫ਼ੌਜ ਨੇ ਦੇਪਸਾਂਗ ਦੇ ਮੈਦਾਨੀ ਇਲਾਕਿਆਂ ਨੇੜੇ ਚੀਨੀ ਫ਼ੌਜ ਦੇ ਜਮਾਵੜੇ ਨੂੰ ਵੇਖਦਿਆਂ ਖ਼ਾਸ ਰਣਨੀਤੀ ਤਿਆਰ ਕੀਤੀ ਹੈ। ਇਨ੍ਹਾਂ ਥਾਵਾਂ 'ਤੇ ਹਥਿਆਰਬੰਦ ਅਤੇ ਮਸ਼ੀਨ ਦੇ ਮਿਕਸ ਵਾਲੇ ਖਾਸ ਲੜਾਕੂ ਦਸਤੇ ਤੈਨਾਤ ਕੀਤੇ ਗਏ ਹਨ। ਚੁਮੁਰ ਵਿਚ ਵੀ ਪੀਐਲਏ ਦੇ ਮੁਕਾਬਲੇ ਲਈ ਸਪੈਸ਼ਲ ਦਸਤੇ ਭੇਜੇ ਗਏ ਹਨ ਤਾਂ ਜੋ ਚੀਨ ਨੂੰ ਸਖ਼ਤ ਸੁਨੇਹਾ ਦਿਤਾ ਜਾ ਸਕੇ ਭਾਰਤ ਇਕ ਇੰਚ ਜ਼ਮੀਨ ਦੇਣ ਨੂੰ ਤਿਆਰ ਨਹੀਂ ਹੈ।