
ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਕੁਝ ਗਹਿਣੇ ਬਰਾਮਦ ਕੀਤੇ ਜਾਣੇ ਬਾਕੀ ਹਨ, ਦੋ ਮੁਲਜ਼ਮ ਵੀ ਅਜੇ ਫਰਾਰ ਹਨ।
ਨਵੀਂ ਦਿੱਲੀ: ਪਹਾੜਗੰਜ ਇਲਾਕੇ 'ਚ ਲੋਕਾਂ ਤੋਂ ਗਹਿਣੇ ਲੁੱਟਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਪੇਟੀਐਮ 'ਤੇ ਕੀਤੇ ਲੈਣ-ਦੇਣ ਦੀ ਮਦਦ ਨਾਲ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕੇਂਦਰੀ ਜ਼ਿਲ੍ਹੇ ਦੇ ਵਿਸ਼ੇਸ਼ ਅਮਲੇ ਨੇ 700 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ। ਨਜਫਗੜ੍ਹ ਨਿਵਾਸੀ ਮਾਸਟਰਮਾਈਂਡ ਨਾਗੇਸ਼ ਕੁਮਾਰ (28), ਸ਼ਿਵਮ ਉਰਫ ਜਾਤਰਾਮ (23) ਅਤੇ ਮਨੀਸ਼ (22) ਨੂੰ ਰਾਜਸਥਾਨ ਦੇ ਜੈਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਕੋਲੋਂ 6.75 ਕਿਲੋ ਸੋਨਾ, ਤਿੰਨ ਕਿਲੋ ਚਾਂਦੀ ਅਤੇ 106 ਕੱਚੇ ਹੀਰੇ ਤੋਂ ਇਲਾਵਾ ਹੀਰਿਆਂ ਦੇ ਗਹਿਣੇ ਬਰਾਮਦ ਹੋਏ ਹਨ। ਇਸ ਗਹਿਣਿਆਂ ਦੀ ਕੀਮਤ ਸਾਢੇ ਪੰਜ ਤੋਂ ਛੇ ਕਰੋੜ ਰੁਪਏ ਹੈ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਕੁਝ ਗਹਿਣੇ ਬਰਾਮਦ ਕੀਤੇ ਜਾਣੇ ਬਾਕੀ ਹਨ, ਦੋ ਮੁਲਜ਼ਮ ਵੀ ਅਜੇ ਫਰਾਰ ਹਨ।
ਡੀਸੀਪੀ (ਸੈਂਟਰਲ) ਸ਼ਵੇਤਾ ਚੌਹਾਨ ਅਨੁਸਾਰ ਜੈ ਮਾਤਾ ਦੀ ਲੌਜਿਸਟਿਕਸ ਚੰਡੀਗੜ੍ਹ ਦੇ ਡਿਲੀਵਰੀ ਬੁਆਏ ਸੋਮਵੀਰ ਨੇ ਦੱਸਿਆ ਕਿ ਬੁੱਧਵਾਰ ਸਵੇਰੇ 4:15 ਵਜੇ ਉਹ ਸਾਥੀ ਜਗਦੀਪ ਸੈਣੀ ਦੇ ਨਾਲ ਪਹਾੜਗੰਜ ਦਫ਼ਤਰ ਤੋਂ ਪਾਰਸਲ ਲੈ ਕੇ ਜਾ ਰਹੇ ਸਨ। ਡੀਬੀਜੀ ਰੋਡ ’ਤੇ ਮਿਲੇਨੀਅਮ ਹੋਟਲ ਨੇੜੇ ਦੋ ਵਿਅਕਤੀ ਮਿਲੇ, ਜਿਨ੍ਹਾਂ ’ਚੋਂ ਇਕ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਉਹਨਾਂ ਨੇ ਜਾਂਚ ਕਰਨ ਲਈ ਕਿਹਾ। ਇਸ ਦੌਰਾਨ ਪਿੱਛੇ ਤੋਂ ਦੋ ਬਦਮਾਸ਼ ਆਏ, ਜਿਨ੍ਹਾਂ ਨੇ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ। ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਬੈਗ ਅਤੇ ਬਾਕਸ ਲੈ ਗਏ।
ਪਹਾੜਗੰਜ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ। ਸਪੈਸ਼ਲ ਸਟਾਫ਼ ਦੇ ਇੰਚਾਰਜ ਇੰਸਪੈਕਟਰ ਸੰਦੀਪ ਗੋਦਾਰਾ ਦੀ ਅਗਵਾਈ ਹੇਠ ਐਸਆਈ ਸੰਜੇ ਕੁਮਾਰ, ਮੁਕੇਸ਼ ਤੋਮਰ, ਸਾਹਿਲ ਸਾਂਗਵਾਨ ਅਤੇ ਰਵੀ ਸ਼ੰਕਰ ਸਮੇਤ 28 ਪੁਲਿਸ ਮੁਲਾਜ਼ਮਾਂ ਦੀ ਟੀਮ ਬਣਾਈ ਗਈ। 700 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕੀਤਾ ਗਿਆ। ਘਟਨਾ ਵਾਲੇ ਦਿਨ ਤੋਂ ਲੈ ਕੇ ਪਿਛਲੇ ਸੱਤ ਦਿਨਾਂ ਦੀ ਰਿਕਾਰਡਿੰਗ ਦੇਖੀ ਗਈ, ਜਿਸ ਦੀ ਮਦਦ ਨਾਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।