
'ਹਰਿਆਣਾ ਵਿੱਚ ਕਾਂਗਰਸ-AAP ਗਠਜੋੜ ਬਾਰੇ ਫੈਸਲਾ ਕੇਜਰੀਵਾਲ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ'
Haryana Election 2024 : ਆਮ ਆਦਮੀ ਪਾਰਟੀ (ਆਪ) ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਮੰਗਲਵਾਰ ਨੂੰ ਉਨ੍ਹਾਂ ਖਬਰਾਂ ਦਾ ਸਵਾਗਤ ਕੀਤਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਹਰਿਆਣਾ ’ਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨਾਲ ਗਠਜੋੜ ਦੀ ਸੰਭਾਵਨਾ ’ਚ ਦਿਲਚਸਪੀ ਵਿਖਾਈ ਹੈ।
ਸੰਜੇ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰਾਉਣਾ ਸਾਰੀਆਂ ਵਿਰੋਧੀ ਪਾਰਟੀਆਂ ਦੀ ਤਰਜੀਹ ਹੈ ਅਤੇ ਗਠਜੋੜ ਬਾਰੇ ਕੋਈ ਵੀ ਫੈਸਲਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਮਨਜ਼ੂਰੀ ਨਾਲ ਲਿਆ ਜਾਵੇਗਾ।
ਅਜਿਹੀਆਂ ਕਈ ਰੀਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) ਦੀ ਮੀਟਿੰਗ ’ਚ ਹਰਿਆਣਾ ’ਚ ਵਿਧਾਨ ਸਭਾ ਚੋਣਾਂ ਲਈ ‘ਆਪ’ ਨਾਲ ਗਠਜੋੜ ਦੀ ਸੰਭਾਵਨਾ ਬਾਰੇ ਦਿਲਚਸਪੀ ਜ਼ਾਹਰ ਕੀਤੀ ਸੀ।
90 ਮੈਂਬਰੀ ਹਰਿਆਣਾ ਵਿਧਾਨ ਸਭਾ ਲਈ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਸੰਜੇ ਸਿੰਘ ਨੇ ਕਿਹਾ, ‘‘ਸਾਡੇ ਸਾਰਿਆਂ ਦੀ ਤਰਜੀਹ ਭਾਜਪਾ ਅਤੇ ਲੋਕਾਂ, ਕਿਸਾਨਾਂ ਅਤੇ ਨੌਜੁਆਨਾਂ ਵਿਰੁਧ ਨਫ਼ਰਤ ਦੀ ਸਿਆਸਤ ਨੂੰ ਹਰਾਉਣਾ ਹੈ।’’
ਸੰਜੇ ਸਿੰਘ ਨੇ ਕਿਹਾ ਕਿ ਇਸ ਮੁੱਦੇ ’ਤੇ ਕੋਈ ਵੀ ਅਧਿਕਾਰਤ ਸਟੈਂਡ ‘ਆਪ’ ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਸੰਦੀਪ ਪਾਠਕ ਅਤੇ ਸੂਬਾ ਪ੍ਰਧਾਨ ਸੁਸ਼ੀਲ ਗੁਪਤਾ ਕਰਨਗੇ। ‘ਆਪ’ ਦੇ ਸੀਨੀਅਰ ਨੇਤਾ ਨੇ ਕਿਹਾ, ‘‘ਇਸ ਸਬੰਧ ’ਚ ਅੰਤਿਮ ਫੈਸਲਾ ਕੇਜਰੀਵਾਲ ਦੀ ਮਨਜ਼ੂਰੀ ਤੋਂ ਬਾਅਦ ਹਰਿਆਣਾ ’ਚ ਸੰਗਠਨਾਤਮਕ ਅਤੇ ਚੋਣਾਂ ਨਾਲ ਜੁੜੇ ਕੰਮਾਂ ਨੂੰ ਸੰਭਾਲਣ ਵਾਲੇ ਸਾਡੇ ਨੇਤਾ ਲੈਣਗੇ।’’
ਜਦਕਿ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਦੀ ਰਿਹਾਈ ਤੋਂ ਬਾਅਦ ਹੀ ਇਸ ’ਤੇ ਕੋਈ ਫੈਸਲਾ ਲਿਆ ਜਾਵੇਗਾ।
ਹਾਲਾਂਕਿ ਹਰਿਆਣਾ ਦੇ ਕਾਂਗਰਸੀ ਨੇਤਾਵਾਂ ਨੇ ਸੂਬੇ ’ਚ ‘ਆਪ’ ਨਾਲ ਗਠਜੋੜ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਹਾਲ ਹੀ ’ਚ ਹਰਿਆਣਾ ’ਚ ਕਾਂਗਰਸ ਦੀ ਸੀਨੀਅਰ ਨੇਤਾ ਕੁਮਾਰੀ ਸ਼ੈਲਜਾ ਨੇ ਵਿਧਾਨ ਸਭਾ ਚੋਣਾਂ ਲਈ ‘ਆਪ’ ਨਾਲ ਗਠਜੋੜ ਦੀ ਸੰਭਾਵਨਾ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਸੂਬੇ ’ਚ ਮਜ਼ਬੂਤ ਹੈ ਅਤੇ ਅਪਣੇ ਦਮ ’ਤੇ ਚੋਣਾਂ ਲੜੇਗੀ।
ਇਸ ਤੋਂ ਪਹਿਲਾਂ ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦਾ ਹਿੱਸਾ ਕਾਂਗਰਸ ਅਤੇ ‘ਆਪ’ ਨੇ ਦਿੱਲੀ, ਹਰਿਆਣਾ ਅਤੇ ਗੁਜਰਾਤ ’ਚ ਲੋਕ ਸਭਾ ਚੋਣਾਂ ਲਈ ਸਮਝੌਤਾ ਕੀਤਾ ਸੀ। ਗੁਪਤਾ, ਜੋ ਹਰਿਆਣਾ ’ਚ ‘ਆਪ’ ਦੇ ਸੂਬਾ ਪ੍ਰਧਾਨ ਹਨ, ਰਾਜ ’ਚ ਲੋਕ ਸਭਾ ਚੋਣਾਂ ਲੜ ਰਹੇ ਪਾਰਟੀ ਦੇ ਇਕਲੌਤੇ ਉਮੀਦਵਾਰ ਸਨ। ਗੁਪਤਾ ਭਾਜਪਾ ਦੇ ਨਵੀਨ ਜਿੰਦਲ ਤੋਂ ਹਾਰ ਗਏ।
‘ਆਪ’ ਅਤੇ ਕਾਂਗਰਸ ਨੇ ਪੰਜਾਬ ਲੋਕ ਸਭਾ ਚੋਣਾਂ ਵੱਖ-ਵੱਖ ਲੜੀਆਂ ਸਨ। ਗੁਪਤਾ ਨੇ ਹਾਲ ਹੀ ’ਚ ਕਿਹਾ ਸੀ ਕਿ ‘ਆਪ’ ਲੋਕਾਂ ਦੀ ਮਦਦ ਨਾਲ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ’ਤੇ ਅਪਣੇ ਦਮ ’ਤੇ ਚੋਣ ਲੜਨ ਲਈ ਤਿਆਰ ਹੈ।