
ਸਰਕਾਰ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਵਿਚ ਪਰ ਕਿਸਾਨ ਅਪਣੀਆਂ ਮੰਗਾਂ 'ਤੇ ਕਾਇਮ......
ਨਵੀਂ ਦਿੱਲੀ : ਦਿੱਲੀ-ਉੱਤਰ ਪ੍ਰਦੇਸ਼ ਦੀ ਹੱਦ 'ਤੇ ਅੱਜ ਅਫਰਾ-ਤਫਰੀ ਦਾ ਮਾਹੌਲ ਰਿਹਾ ਜਿਥੇ ਕੌਮੀ ਰਾਜਧਾਨੀ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਜ਼ਾਰਾਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਡੇਰੇ ਲਾਏ ਹੋਏ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਕਿਸਾਨਾਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਵਾਛੜਾਂ ਮਾਰੀਆਂ ਅਤੇ ਅਥਰੂ ਗੈਸ ਦੇ ਗੋਲੇ ਛੱਡੇ ਜਿਨ੍ਹਾਂ ਕਾਰਨ ਕਈ ਕਿਸਾਨ ਅਤੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਖੇਤੀ ਕਰਜ਼ਾ ਮਾਫ਼ੀ ਤੋਂ ਲੈ ਕੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੇ ਮਸਲੇ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ 'ਤੇ ਵਿਰੋਧ ਪ੍ਰਦਰਸ਼ਨ ਕਰਦਿਆਂ ਦਿੱਲੀ ਵਲ ਵਧ ਰਹੇ ਕਿਸਾਨਾਂ ਨੂੰ ਦਿੱਲੀ-ਯੂਪੀ ਸਰਹੱਦ 'ਤੇ ਰੋਕ ਦਿਤਾ ਗਿਆ।
ਪੁਲਿਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਵਾਛੜਾਂ ਮਾਰੀਆਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ। ਕਿਸਾਨਾਂ ਨੂੰ ਪ੍ਰਦਰਸ਼ਨ ਵਾਪਸ ਲੈਣ ਲਈ ਮਨਾਉਣ ਦੀ ਕੋਸ਼ਿਸ਼ ਵਿਚ ਸਰਕਾਰ ਨੇ ਐਲਾਨ ਕੀਤਾ ਹੈ ਕਿ ਮੁੱਖ ਮੰਤਰੀਆਂ ਦੀ ਕਮੇਟੀ ਉਨ੍ਹਾਂ ਦੀਆਂ ਮੰਗਾਂ ਬਾਰੇ ਵਿਚਾਰ ਕਰੇਗੀ ਪਰ ਪ੍ਰਦਰਸ਼ਨਕਾਰੀ ਡਟੇ ਰਹੇ ਅਤੇ ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਭਰੋਸੇ ਤੋਂ ਸੰਤੁਸ਼ਟ ਨਹੀਂ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਟਰੈਕਟਰਾਂ ਤੇ ਟਰਾਲੀਆਂ ਵਿਚ ਸਵਾਰ ਕਿਸਾਨਾਂ ਨੇ ਯੂਪੀ ਪੁਲਿਸ ਦੁਆਰਾ ਲਾਏ ਗਏ ਬੈਰੀਕੇਡਾਂ ਨੂੰ ਤੋੜ ਦਿਤਾ। ਇਸ ਤੋਂ ਬਾਅਦ ਉਹ ਦਿੱਲੀ ਪੁਲਿਸ ਦੁਆਰਾ ਲਾਏ ਗਏ ਬੈਰੀਕੇਡਾਂ ਵਲ ਵਧਣ ਲੱਗੇ।
ਪੁਲਿਸ ਨੇ ਨਾਹਰੇਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਵਾਛੜਾਂ ਮਾਰੀਆਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ। ਹਰਿਦੁਆਰ ਤੋਂ ਭਾਕਿਊ ਦੇ ਹਜ਼ਾਰਾਂ ਮੈਂਬਰਾਂ ਦੇ ਦਿੱਲੀ ਪਹੁੰਚਣ ਦੀ ਕੋਸ਼ਿਸ਼ ਨੂੰ ਵੇਖਦਿਆਂ ਸ਼ਹਿਰ ਦੀ ਪੁਲਿਸ ਨੇ ਕਲ ਹੀ ਪਾਬੰਦੀਆਂ ਲਾਗੂ ਕਰ ਦਿਤੀਆਂ ਸਨ। ਪੁਲਿਸ ਕਮਿਸ਼ਨਰ ਪੰਕਜ ਸਿੰਘ ਨੇ ਕਿਹਾ ਕਿ ਪਾਬੰਦੀਆਂ ਅੱਠ ਅਕਤੂਬਰ ਤਕ ਜਾਰੀ ਰਹਿਣਗੀਆਂ। ਕੁੱਝ ਕਿਸਾਨ ਆਗੂ ਪੁਲਿਸ ਵਾਲਿਆਂ ਨਾਲ ਖਹਿਬੜਦੇ ਵੀ ਵੇਖੇ ਗਏ।
ਦਿੱਲੀ ਸਰਹੱਦ 'ਤੇ ਇਕੱਠੇ ਹੋਏ ਹਜ਼ਾਰਾਂ ਕਿਸਾਨਾਂ ਨੂੰ ਰਾਜਧਾਨੀ ਵਿਚ ਅੰਦਰ ਦਾਖ਼ਲ ਹੋਣ ਤੋਂ ਰੋਕਣ ਲਈ ਦਿੱਲੀ ਪੁਲਿਸ ਨੇ ਅਪਣੀ ਪੂਰੀ ਤਾਕਤ ਲਾ ਦਿਤੀ। ਯੂਪੀ ਤੋਂ ਦਿੱਲੀ ਵਿਚ ਅੰਦਰ ਜਾਣ ਦੇ ਸਾਰੇ ਰਸਤਿਆਂ ਨੂੰ ਬੰਦ ਕਰ ਦਿਤਾ। ਅੰਦੋਲਨ ਕਰ ਰਹੇ ਕਿਸਾਨ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਦੇਣ, ਪੀਐਮ ਫ਼ਸਲ ਬੀਮਾ ਯੋਜਨਾ ਦੇ ਬਦਲਾਅ ਕਰਨ, ਕਰਜ਼ਾ ਮਾਫ਼ੀ, ਸਿੰਚਾਈ ਲਈ ਬਿਜਲੀ ਮੁਫ਼ਤ ਵਿਚ ਦੇਣ ਸਮੇਤ ਕਈ ਮੰਗਾਂ ਦੀ ਪੂਰਤੀ ਲਈ ਪ੍ਰਦਰਸ਼ਨ ਕਰ ਰਹੇ ਸਨ। (ਏਜੰਸੀ)