
ਹਸਪਤਾਲ ਨੇ ਭਰਤੀ ਕਰਨ ਤੋਂ ਕੀਤਾ ਮਨ੍ਹਾਂ, ਜੁੜਵਾਂ ਬੱਚਿਆਂ ਤੇ ਮਾਂ ਤਿੰਨਾਂ ਦੀ ਮੌਤ
ਤੁਮਕੁਰੂ (ਕਰਨਾਟਕ) - ਤਾਮਿਲਨਾਡੂ ਦੀ ਇੱਕ ਗਰਭਵਤੀ ਨੂੰ ਜਣੇਪੇ ਦਾ ਦਰਦ ਹੋਣ ਦੇ ਬਾਵਜੂਦ ਇੱਥੋਂ ਦੇ ਇੱਕ ਹਸਪਤਾਲ ਨੇ ਭਰਤੀ ਕਰਨ ਤੋਂ ਕਥਿਤ ਤੌਰ 'ਤੇ ਮਨ੍ਹਾਂ ਕਰ ਦਿੱਤਾ, ਜਿਸ ਤੋਂ ਬਾਅਦ ਔਰਤ ਅਤੇ ਉਸ ਦੇ ਨਵਜੰਮੇ ਜੁੜਵਾਂ ਬੱਚਿਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਮ੍ਰਿਤਕ ਔਰਤ ਦੇ ਗੁਆਂਢੀਆਂ ਨੇ ਦਿੱਤੀ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਮੰਜੂਨਾਥ ਡੀਐਨ ਨੇ ਡਿਊਟੀ 'ਤੇ ਮੌਜੂਦ ਡਾਕਟਰ ਨੂੰ ਮੁਅੱਤਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਔਰਤ ਦੇ ਪਰਿਵਾਰ ਵਿੱਚ ਕੋਈ ਨਹੀਂ ਸੀ। ਉਸ ਦੇ ਗੁਆਂਢੀਆਂ ਨੇ ਦੱਸਿਆ ਕਿ ਕਸਤੂਰੀ (30) ਇੱਕ ਹੋਰ ਬੇਸਹਾਰਾ ਲੜਕੀ ਨਾਲ ਭਾਰਤੀ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਬੁੱਧਵਾਰ ਨੂੰ ਔਰਤ ਨੂੰ ਜਣੇਪੇ ਦਾ ਦਰਦ ਸ਼ੁਰੂ ਹੋਣ ਤੋਂ ਬਾਅਦ, ਉਸ ਦੇ ਕੁਝ ਗੁਆਂਢੀਆਂ ਨੇ ਪੈਸੇ ਇਕੱਠੇ ਕੀਤੇ ਅਤੇ ਉਸ ਨੂੰ ਇੱਕ ਆਟੋਰਿਕਸ਼ਾ ਵਿੱਚ ਤੁਮਾਕੁਰੂ ਦੇ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ।
ਉਹਨਾਂ ਨੇ ਦੋਸ਼ ਲਗਾਇਆ ਕਿ ਡਾਕਟਰਾਂ ਤੇ ਹਸਪਤਾਲ ਸਟਾਫ਼ ਨੇ ਉਸ ਨੂੰ ਇਹ ਕਹਿ ਕੇ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸ ਕੋਲ ਆਧਾਰ ਕਾਰਡ ਜਾਂ ‘ਮੈਟਰਨਿਟੀ ਕਾਰਡ’ ਨਹੀਂ ਹੈ ਅਤੇ ਉਸ ਨੂੰ ਘਰ ਭੇਜ ਦਿੱਤਾ ਹੈ।
ਔਰਤ ਦੇ ਗੁਆਂਢੀਆਂ ਨੇ ਦੱਸਿਆ ਕਿ ਮੌਕੇ 'ਤੇ ਮੌਜੂਦ ਇੱਕ ਡਾਕਟਰ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਬੈਂਗਲੁਰੂ ਦੇ ਵਿਕਟੋਰੀਆ ਹਸਪਤਾਲ 'ਚ ਭਰਤੀ ਕਰਵਾਉਣ ਲਈ ਪਰਚੀ ਦੇ ਦੇਵੇਗਾ। ਇਸ ਤੋਂ ਬਾਅਦ ਔਰਤ ਦਰਦ 'ਚ ਹੀ ਘਰ ਵਾਪਸ ਆ ਗਈ।
ਉਹਨਾਂ ਦੱਸਿਆ ਕਿ ਅੱਜ ਸਵੇਰੇ ਉਸ ਦਾ ਦਰਦ ਵਧ ਗਿਆ ਅਤੇ ਉਸ ਨੇ ਬੱਚੇ ਨੂੰ ਜਨਮ ਦਿੱਤਾ। ਦੂਜੇ ਬੱਚੇ ਨੂੰ ਜਨਮ ਦਿੰਦੇ ਸਮੇਂ ਕਾਫ਼ੀ ਖੂਨ ਵਹਿ ਗਿਆ ਅਤੇ ਉਸ ਦੀ ਮੌਤ ਹੋ ਗਈ। ਡਾ. ਮੰਜੂਨਾਥ ਨੇ ਦੱਸਿਆ ਕਿ ਉਨ੍ਹਾਂ ਡਿਊਟੀ 'ਤੇ ਮੌਜੂਦ ਡਾਕਟਰ ਨੂੰ ਮੁਅੱਤਲ ਕਰਨ ਦੀ ਸਿਫ਼ਾਰਸ਼ ਕੀਤੀ ਹੈ, ਜਿਸ ਨੇ ਮਰੀਜ਼ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ |