
ਪਿਛਲੇ ਦੋ ਮਹੀਨਿਆਂ ’ਚ ਵਕੀਲਾਂ ਨੇ 3,688 ਕੇਸਾਂ ’ਚ ਸੁਣਵਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ
Supreme Court News : ਭਾਰਤ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਸ਼ੁਕਰਵਾਰ ਨੂੰ ਵਕੀਲਾਂ ਨੂੰ ਨਵੇਂ ਮਾਮਲਿਆਂ ’ਚ ਮੁਲਤਵੀ ਦਾ ਬਿਨੈ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਸੁਪਰੀਮ ਕੋਰਟ ‘ਤਾਰੀਖ-ਪੇ-ਤਾਰੀਖ’ ਅਦਾਲਤ ਬਣ ਜਾਵੇ। ਦਿਨ ਦੀ ਕਾਰਵਾਈ ਦੀ ਸ਼ੁਰੂਆਤ ’ਚ ਚੀਫ਼ ਜਸਟਿਸ ਨੇ ਵਕੀਲਾਂ ਵਲੋਂ ਨਵੇਂ ਕੇਸਾਂ ’ਚ ਸੁਣਵਾਈ ਮੁਲਤਵੀ ਕਰਨ ਦੀ ਬੇਨਤੀ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਪਿਛਲੇ ਦੋ ਮਹੀਨਿਆਂ ’ਚ ਵਕੀਲਾਂ ਨੇ 3,688 ਕੇਸਾਂ ’ਚ ਸੁਣਵਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ।
ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਸ਼ਾਮਲ ਹਨ। ਉਨ੍ਹਾਂ ਕਿਹਾ, ‘‘ਕਿਰਪਾ ਕਰ ਕੇ ਉਦੋਂ ਤਕ ਮੁਲਤਵੀ ਕਰਨ ਦੀ ਬੇਨਤੀ ਨਾ ਕਰੋ ਜਦੋਂ ਤਕ ਇਹ ਬਿਲਕੁਲ ਜ਼ਰੂਰੀ ਨਾ ਹੋਵੇ…. ਮੈਂ ਨਹੀਂ ਚਾਹੁੰਦਾ ਕਿ ਇਹ ਅਦਾਲਤ ‘ਤਾਰੀਖ-ਪੇ-ਤਾਰੀਖ’ ਅਦਾਲਤ ਬਣ ਜਾਵੇ।’’
ਹਿੰਦੀ ਫਿਲਮ ‘ਦਾਮਿਨੀ’ ’ਚ ‘ਤਾਰੀਖ-ਪੇ-ਤਾਰੀਖ’ ਸੰਨੀ ਦਿਓਲ ਦਾ ਮਸ਼ਹੂਰ ਡਾਇਲਾਗ ਸੀ, ਜਿਸ ’ਚ ਅਦਾਕਾਰ ਨੇ ਫਿਲਮ ਦੇ ਇਕ ਸੀਨ ’ਚ ਅਦਾਲਤਾਂ ’ਚ ਕੇਸ ਮੁਲਤਵੀ ਹੋਣ ਦੇ ਸਭਿਆਚਾਰ ’ਤੇ ਅਪਣਾ ਗੁੱਸਾ ਜ਼ਾਹਰ ਕੀਤਾ ਸੀ। ਚੀਫ਼ ਜਸਟਿਸ ਨੇ ਕਿਹਾ ਕਿ ਹੁਣ ਵਕੀਲਾਂ ਦੀਆਂ ਸੁਸਾਇਟੀਆਂ ਦੀ ਮਦਦ ਨਾਲ ਸੁਪਰੀਮ ਕੋਰਟ ’ਚ ਕੇਸ ਦਾਇਰ ਹੋਣ ਤੋਂ ਬਾਅਦ ਨਵੇਂ ਕੇਸਾਂ ਦੀ ਸੂਚੀ ਬਣਾਉਣ ’ਚ ਸਮੇਂ ਦਾ ਫ਼ਰਕ ਕਾਫ਼ੀ ਘੱਟ ਗਿਆ ਹੈ।
ਉਸ ਨੇ ਇਸ ਤੱਥ ’ਤੇ ਅਫਸੋਸ ਪ੍ਰਗਟ ਕੀਤਾ ਕਿ ਵਕੀਲ ਬੈਂਚ ਦੇ ਸਾਹਮਣੇ ਮਾਮਲੇ ਸੂਚੀਬੱਧ ਹੋਣ ਤੋਂ ਬਾਅਦ ਮੁਲਤਵੀ ਕਰਨ ਦੀ ਬੇਨਤੀ ਕਰਦੇ ਹਨ ਅਤੇ ਇਹ ਬਾਹਰੀ ਦੁਨੀਆ ਨੂੰ ਇਸ ਦਾ ਬਹੁਤ ਬੁਰਾ ਸੰਕੇਤ ਜਾਂਦਾ ਹੈ।
ਚੀਫ਼ ਜਸਟਿਸ ਨੇ ਕਿਹਾ, ‘‘ਮੈਂ ਵੇਖ ਸਕਦਾ ਹਾਂ ਕਿ ਕੇਸ ਦਰਜ ਕਰਨ ਦੀ ਮਿਤੀ ਤੋਂ ਲੈ ਕੇ ਇਸ ਨੂੰ ਸੂਚੀਬੱਧ ਕਰਨ ਦਾ ਸਮਾਂ ਘਟ ਰਿਹਾ ਹੈ। ਅਸੀਂ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਅਤੇ ਸੁਪਰੀਮ ਕੋਰਟ ਐਡਵੋਕੇਟਸ-ਆਨ ਰਿਕਾਰਡ ਐਸੋਸੀਏਸ਼ਨ ਦੇ ਸਹਿਯੋਗ ਤੋਂ ਬਿਨਾਂ ਇਹ ਸਭ ਪ੍ਰਾਪਤ ਨਹੀਂ ਕਰ ਸਕਦੇ ਸੀ।’’ ਉਨ੍ਹਾਂ ਇਹ ਵੀ ਕਿਹਾ ਕਿ ਮੁਲਤਵੀ ਕਰਨਾ ਮਾਮਲੇ ਦੀ ਜਲਦੀ ਸੁਣਵਾਈ ਦੇ ਉਦੇਸ਼ ’ਤੇ ਅਸਰ ਪਾਉਂਦੀ ਹੈ।
(For more news apart from Supreme Court News , stay tuned to Rozana Spokesman)