ਸਾਹ ਲੈਣ ’ਚ ਸਮੱਸਿਆ ਨੂੰ ਦੂਰ ਕਰਨ ਲਈ ਸਰਜਰੀ ਕੀਤੀ ਗਈ
ਹਾਥਰਸ (ਉੱਤਰ ਪ੍ਰਦੇਸ਼) : ਉੱਤਰ ਪ੍ਰਦੇਸ਼ ’ਚ ਹਾਥਰਸ ਦੇ ਇਕ 15 ਸਾਲ ਦੇ ਮੁੰਡੇ ਦੇ ਪੇਟ ’ਚੋਂ ਦਿੱਲੀ ਦੇ ਇਕ ਹਸਪਤਾਲ ’ਚ ਇਕ ਵੱਡੀ ਸਰਜਰੀ ਤੋਂ ਬਾਅਦ ਘੜੀ ਦੀਆਂ ਬੈਟਰੀਆਂ, ਬਲੇਡ, ਨਹੁੰਆਂ ਸਮੇਤ 56 ਚੀਜ਼ਾਂ ਨਿਕਲੀਆਂ। ਸਰਜਰੀ ਤੋਂ ਬਾਅਦ ਉਸ ਦੀ ਮੌਤ ਹੋ ਗਈ। ਹਾਥਰਸ ’ਚ ਮੈਡੀਕਲ ਪ੍ਰਤੀਨਿਧੀ ਦੇ ਤੌਰ ’ਤੇ ਕੰਮ ਕਰਨ ਵਾਲੇ ਪੀੜਤ ਦੇ ਪਿਤਾ ਸੰਚਿਤ ਸ਼ਰਮਾ ਨੇ ਦਸਿਆ ਕਿ 9ਵੀਂ ਜਮਾਤ ਦੇ ਵਿਦਿਆਰਥੀ ਆਦਿੱਤਿਆ ਸ਼ਰਮਾ (15) ਦੇ ਸਰੀਰ ’ਚੋਂ ਮਿਲੀਆਂ ਚੀਜ਼ਾਂ ਨੇ ਡਾਕਟਰਾਂ ਨੂੰ ਹੈਰਾਨ ਕਰ ਦਿਤਾ ਅਤੇ ਪਰਵਾਰ ਨੂੰ ਹਿਲਾ ਕੇ ਰੱਖ ਦਿਤਾ।
ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ ਸਫਦਰਜੰਗ ਹਸਪਤਾਲ ’ਚ ਸਰਜਰੀ ਤੋਂ ਇਕ ਦਿਨ ਬਾਅਦ ਮੌਤ ਹੋ ਗਈ ਕਿਉਂਕਿ ਉਸ ਦੀ ਦਿਲ ਦੀ ਧੜਕਣ ਵਧ ਗਈ ਸੀ ਅਤੇ ਉਸ ਦਾ ਬਲੱਡ ਪ੍ਰੈਸ਼ਰ (ਬੀ.ਪੀ.) ਚਿੰਤਾਜਨਕ ਰੂਪ ਨਾਲ ਡਿੱਗ ਗਿਆ ਸੀ। ਅਧਿਕਾਰੀਆਂ ਨੇ ਦਸਿਆ ਕਿ ਉੱਤਰ ਪ੍ਰਦੇਸ਼, ਜੈਪੁਰ ਅਤੇ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ’ਚ ਮੈਡੀਕਲ ਜਾਂਚ ਦੌਰਾਨ ਆਦਿੱਤਿਆ ਦੇ ਪੇਟ ’ਚ ਇਹ ਚੀਜ਼ਾਂ ਪਾਈਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਉਸ ਦੇ ਪਰਵਾਰ ਦੀਆਂ ਮੁਸ਼ਕਲਾਂ ਉਦੋਂ ਸ਼ੁਰੂ ਹੋਈਆਂ ਜਦੋਂ ਉਸ ਦੇ ਬੇਟੇ ਨੇ ਪੇਟ ’ਚ ਤੇਜ਼ ਦਰਦ ਅਤੇ ਸਾਹ ਲੈਣ ’ਚ ਮੁਸ਼ਕਲ ਦੀ ਸ਼ਿਕਾਇਤ ਕੀਤੀ।
ਆਦਿਤਿਆ ਨੂੰ ਪਹਿਲਾਂ ਹਾਥਰਸ ਦੇ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੋਂ ਬਾਅਦ ਵਿਚ ਉਸ ਨੂੰ ਡਾਕਟਰੀ ਸਲਾਹ ’ਤੇ ਜੈਪੁਰ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਸੰਖੇਪ ਇਲਾਜ ਤੋਂ ਬਾਅਦ ਛੁੱਟੀ ਦੇ ਦਿਤੀ ਗਈ। ਹਾਲਾਂਕਿ, ਜਦੋਂ ਉਸ ਦੇ ਲੱਛਣ ਦੁਬਾਰਾ ਸਾਹਮਣੇ ਆਏ, ਤਾਂ ਉਸ ਦਾ ਪਰਵਾਰ ਉਸ ਨੂੰ ਅਲੀਗੜ੍ਹ ਦੇ ਇਕ ਹਸਪਤਾਲ ਲੈ ਗਿਆ ਜਿੱਥੇ ਉਸ ਦੀ ਸਾਹ ਲੈਣ ’ਚ ਸਮੱਸਿਆ ਨੂੰ ਦੂਰ ਕਰਨ ਲਈ ਸਰਜਰੀ ਕੀਤੀ ਗਈ।
ਸ਼ਰਮਾ ਨੇ ਦਸਿਆ ਕਿ 26 ਅਕਤੂਬਰ ਨੂੰ ਅਲੀਗੜ੍ਹ ਹਸਪਤਾਲ ’ਚ ਸਰਜਰੀ ਤੋਂ ਬਾਅਦ ਅਲਟਰਾਸਾਊਂਡ ’ਚ ਆਦਿੱਤਿਆ ਦੇ ਸਰੀਰ ’ਚ ਕਰੀਬ 19 ਚੀਜ਼ਾਂ ਦੀ ਮੌਜੂਦਗੀ ਦਾ ਪ੍ਰਗਟਾਵਾ ਹੋਇਆ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਨੋਇਡਾ ਦੇ ਇਕ ਹੋਰ ਆਧੁਨਿਕ ਮੈਡੀਕਲ ਹਸਪਤਾਲ ’ਚ ਰੈਫਰ ਕਰ ਦਿਤਾ ਅਤੇ ਉਥੇ ਇਕ ਹੋਰ ਸਕੈਨ ’ਚ ਲਗਭਗ 56 ਧਾਤੂ ਦੇ ਟੁਕੜੇ ਹੋਣ ਦਾ ਪਤਾ ਲੱਗਾ। ਪਰਵਾਰ ਲੜਕੇ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਲੈ ਗਿਆ, ਜਿੱਥੇ 27 ਅਕਤੂਬਰ ਨੂੰ ਉਸ ਦੀ ਸਰਜਰੀ ਹੋਈ।
ਸ਼ਰਮਾ ਨੇ ਦਸਿਆ, ‘‘ਡਾਕਟਰਾਂ ਨੇ ਕਿਹਾ ਕਿ ਮੇਰੇ ਬੇਟੇ ਦੇ ਸਰੀਰ ਤੋਂ ਲਗਭਗ 56 ਚੀਜ਼ਾਂ ਕੱਢੀਆਂ ਗਈਆਂ ਹਨ। ਦਿੱਲੀ ਦੇ ਇਸ ਹਸਪਤਾਲ ’ਚ ਸਰਜਰੀ ਤੋਂ ਬਾਅਦ ਪੇਟ ’ਚੋਂ ਨਿਕਲੀਆਂ ਚੀਜ਼ਾਂ ਨੇ ਡਾਕਟਰਾਂ ਨੂੰ ਵੀ ਹੈਰਾਨ ਕਰ ਦਿਤਾ।’’
ਪਿਤਾ ਨੇ ਕਿਹਾ, ‘‘ਡਾਕਟਰਾਂ ਨੇ ਅਪਣੀ ਪੂਰੀ ਕੋਸ਼ਿਸ਼ ਕੀਤੀ, ਪਰ ਸ਼ਾਇਦ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਮੇਰੇ ਬੇਟੇ ਦੀ ਦਿੱਲੀ ਦੇ ਇਕ ਹਸਪਤਾਲ ’ਚ ਸਰਜਰੀ ਤੋਂ ਇਕ ਦਿਨ ਬਾਅਦ ਮੌਤ ਹੋ ਗਈ ਕਿਉਂਕਿ ਉਸ ਦੀ ਦਿਲ ਦੀ ਧੜਕਣ ਵਧ ਗਈ ਸੀ ਅਤੇ ਉਸ ਦਾ ਬਲੱਡ ਪ੍ਰੈਸ਼ਰ ਚਿੰਤਾਜਨਕ ਢੰਗ ਨਾਲ ਘੱਟ ਗਿਆ ਸੀ।’’