
ਰਣਨੀਤਕ ਯੋਜਨਾਬੰਦੀ ਦੇ ਨਾਲ-ਨਾਲ ਬਿਸਕੁਟ ਨੇ ਵੀ ਉਸ ਨੂੰ ਮਾਰਨ ਵਿਚ ਅਹਿਮ ਭੂਮਿਕਾ ਨਿਭਾਈ।
ਸ਼੍ਰੀਨਗਰ: ਜੰਮੂ-ਕਸ਼ਮੀਰ ’ਚ ਅਤਿਵਾਦ ਵਿਰੋਧੀ ਮੁਹਿੰਮ ’ਚ ਸੁਰੱਖਿਆ ਬਲਾਂ ਨੇ ਇਕ ਚੋਟੀ ਦੇ ਅਤਿਵਾਦੀ ਕਮਾਂਡਰ ਨੂੰ ਢੇਰ ਕਰ ਦਿਤਾ ਹੈ। ਰਣਨੀਤਕ ਯੋਜਨਾਬੰਦੀ ਦੇ ਨਾਲ-ਨਾਲ ਬਿਸਕੁਟ ਨੇ ਵੀ ਉਸ ਨੂੰ ਮਾਰਨ ਵਿਚ ਅਹਿਮ ਭੂਮਿਕਾ ਨਿਭਾਈ। ਸੀਨੀਅਰ ਅਧਿਕਾਰੀਆਂ ਨੇ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਉਸਮਾਨ ਵਿਰੁਧ ਮੁਹਿੰਮ ਦੌਰਾਨ ਅਵਾਰਾ ਕੁੱਤਿਆਂ ਵਲੋਂ ਪੈਦਾ ਕੀਤੀ ਗਈ ਚੁਨੌਤੀ ਨੂੰ ਘੱਟ ਕਰਨ ਲਈ ਬਿਸਕੁਟ ਦੀ ਮਹੱਤਤਾ ’ਤੇ ਚਾਨਣਾ ਪਾਇਆ।
ਉਸਮਾਨ ਸਨਿਚਰਵਾਰ ਨੂੰ ਸ਼੍ਰੀਨਗਰ ਦੇ ਸੰਘਣੀ ਆਬਾਦੀ ਵਾਲੇ ਖਾਨਯਾਰ ਇਲਾਕੇ ’ਚ ਦਿਨ ਭਰ ਚੱਲੇ ਮੁਕਾਬਲੇ ’ਚ ਮਾਰਿਆ ਗਿਆ ਸੀ। ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ’ਚ ਦੋ ਸਾਲਾਂ ਤੋਂ ਵੱਧ ਸਮੇਂ ’ਚ ਇਹ ਪਹਿਲਾ ਮਹੱਤਵਪੂਰਨ ਮੁਕਾਬਲਾ ਸੀ। ਸਥਾਨਕ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.) ਦੇ ਸਾਂਝੇ ਯਤਨਾਂ ਨਾਲ ਅਤਿਵਾਦ ਵਿਰੋਧੀ ਮੁਹਿੰਮ ਸਫਲ ਰਹੀ। ਅਧਿਕਾਰੀਆਂ ਨੇ ਦਸਿਆ ਕਿ ਘਾਟੀ ਤੋਂ ਚੰਗੀ ਤਰ੍ਹਾਂ ਜਾਣੂ ਉਸਮਾਨ ਸ਼ੁਰੂਆਤੀ ਅਤਿਵਾਦ ਤੋਂ ਬਾਅਦ ਕਈ ਹਮਲਿਆਂ ਲਈ ਬਦਨਾਮ ਸੀ।
ਪਾਕਿਸਤਾਨ ਵਿਚ ਕੁੱਝ ਸਮਾਂ ਬਿਤਾਉਣ ਤੋਂ ਬਾਅਦ, ਉਹ 2016-17 ਦੇ ਆਸ-ਪਾਸ ਇਸ ਖੇਤਰ ਵਿਚ ਵਾਪਸ ਘੁਸਪੈਠ ਕਰ ਗਿਆ। ਉਹ ਪਿਛਲੇ ਸਾਲ ਪੁਲਿਸ ਸਬ-ਇੰਸਪੈਕਟਰ ਮਸਰੂਰ ਵਾਨੀ ਦੀ ਹੱਤਿਆ ’ਚ ਵੀ ਸ਼ਾਮਲ ਸੀ। ਜਦੋਂ ਖੁਫੀਆ ਏਜੰਸੀਆਂ ਨੇ ਰਿਹਾਇਸ਼ੀ ਖੇਤਰ ’ਚ ਉਸਮਾਨ ਦੀ ਮੌਜੂਦਗੀ ਦਾ ਸੰਕੇਤ ਦਿਤਾ, ਤਾਂ ਬਿਨਾਂ ਕਿਸੇ ਨੁਕਸਾਨ ਦੇ ਆਪਰੇਸ਼ਨ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਨੌਂ ਘੰਟੇ ਦੀ ਯੋਜਨਾ ਬਣਾਈ ਗਈ।
ਮੁਹਿੰਮ ਦੌਰਾਨ ਇਕ ਮੁੱਖ ਚਿੰਤਾ ਅਵਾਰਾ ਕੁੱਤਿਆਂ ਦੀ ਮੌਜੂਦਗੀ ਸੀ, ਜਿਨ੍ਹਾਂ ਦੇ ਭੌਂਕਣ ਨਾਲ ਅਤਿਵਾਦੀ ਸੰਭਾਵਤ ਤੌਰ ’ਤੇ ਸੁਚੇਤ ਹੋ ਸਕਦੇ ਸਨ। ਇਸ ਦਾ ਮੁਕਾਬਲਾ ਕਰਨ ਲਈ ਸਰਚ ਟੀਮਾਂ ਨੂੰ ਬਿਸਕੁਟ ਦਿਤੇ ਗਏ। ਜਦੋਂ ਇਹ ਟੀਮਾਂ ਅਪਣੇ ਟੀਚੇ ਵਲ ਵਧੀਆਂ ਤਾਂ ਉਨ੍ਹਾਂ ਨੇ ਅਵਾਰਾ ਕੁੱਤਿਆਂ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਨੂੰ ਬਿਸਕੁਟ ਖੁਆਏ।
ਫਜਰ ਦੀ ਨਮਾਜ਼ ਤੋਂ ਪਹਿਲਾਂ ਸੁਰੱਖਿਆ ਕਰਮਚਾਰੀਆਂ ਦੀ ਪੂਰੀ ਤਾਇਨਾਤੀ ਕੀਤੀ ਗਈ ਸੀ ਅਤੇ ਲਗਭਗ 30 ਘਰਾਂ ਦੀ ਘੇਰਾਬੰਦੀ ਕੀਤੀ ਗਈ ਸੀ। ਇਸ ਦੌਰਾਨ ਏ.ਕੇ.-47, ਇਕ ਪਿਸਤੌਲ ਅਤੇ ਕਈ ਗ੍ਰੇਨੇਡਾਂ ਨਾਲ ਲੈਸ ਉਸਮਾਨ ਨੇ ਸੁਰੱਖਿਆ ਬਲਾਂ ’ਤੇ ਜ਼ਬਰਦਸਤ ਗੋਲੀਬਾਰੀ ਸ਼ੁਰੂ ਕਰ ਦਿਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿਤੀ।
ਮੁਕਾਬਲੇ ਦੌਰਾਨ ਕੁੱਝ ਗ੍ਰੇਨੇਡ ਫਟ ਗਏ ਅਤੇ ਘਰ ਨੂੰ ਅੱਗ ਲੱਗ ਗਈ, ਜਿਸ ’ਤੇ ਸੁਰੱਖਿਆ ਬਲਾਂ ਨੇ ਤੁਰਤ ਕਾਬੂ ਪਾ ਲਿਆ ਤਾਂ ਜੋ ਇਹ ਨੇੜਲੇ ਘਰਾਂ ’ਚ ਨਾ ਫੈਲੇ।
ਕਈ ਘੰਟਿਆਂ ਤਕ ਚੱਲੇ ਭਿਆਨਕ ਮੁਕਾਬਲੇ ’ਚ ਉਸਮਾਨ ਮਾਰਿਆ ਗਿਆ ਸੀ। ਮੁਕਾਬਲੇ ’ਚ ਚਾਰ ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਆਪਰੇਸ਼ਨ ਨਾਲ ਸੁਰੱਖਿਆ ਬਲਾਂ ਨੂੰ ਇਕ ਵੱਡੀ ਸਫਲਤਾ ਮਿਲੀ ਹੈ, ਖ਼ਾਸਕਰ ਲਸ਼ਕਰ-ਏ-ਤੋਇਬਾ ਦੀ ਇਕ ਬ੍ਰਾਂਚ ਰੈਜ਼ੀਸਟੈਂਸ ਫਰੰਟ ਵਿਰੁਧ, ਜੋ ਗੈਰ-ਸਥਾਨਕ ਮਜ਼ਦੂਰਾਂ ਅਤੇ ਸੁਰੱਖਿਆ ਕਰਮਚਾਰੀਆਂ ’ਤੇ ਹਮਲਿਆਂ ਵਿਚ ਸ਼ਾਮਲ ਰਿਹਾ ਹੈ।
ਸਫਲ ਮੁਹਿੰਮਾਂ ਇਸ ਹੱਦ ਨੂੰ ਰੇਖਾਂਕਿਤ ਕਰਦੀਆਂ ਹਨ ਕਿ ਅਧਿਕਾਰੀ ਅਪਣੀਆਂ ਮੁਹਿੰਮਾਂ ਦੀ ਸਫਲਤਾ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਕਿਸ ਹੱਦ ਤਕ ਜਾ ਸਕਦੇ ਹਨ, ਜਿਸ ’ਚ ਵਿਲੱਖਣ ਅਤੇ ਗੈਰ-ਰਵਾਇਤੀ ਹੱਲ ਲੱਭਣਾ ਵੀ ਸ਼ਾਮਲ ਹੈ। ਇਹ ਮੁਕਾਬਲਾ ਨਾ ਸਿਰਫ ਜੰਮੂ-ਕਸ਼ਮੀਰ ਵਿਚ ਅਤਿਵਾਦ ਵਿਰੋਧੀ ਕੋਸ਼ਿਸ਼ਾਂ ਵਿਚ ਇਕ ਮਹੱਤਵਪੂਰਨ ਪਲ ਹੈ, ਬਲਕਿ ਖੇਤਰ ਵਿਚ ਸ਼ਾਂਤੀ ਬਣਾਈ ਰੱਖਣ ਵਿਚ ਸੁਰੱਖਿਆ ਬਲਾਂ ਨੂੰ ਦਰਪੇਸ਼ ਚੁਨੌਤੀਆਂ ਨੂੰ ਵੀ ਉਜਾਗਰ ਕਰਦਾ ਹੈ।