
ਦੋ ਪੁਲਿਸ ਮੁਲਾਜ਼ਮਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਛੱਤੀਸਗੜ੍ਹ: ਛੱਤੀਸਗੜ੍ਹ ਦੇ ਅਤਿਵਾਦ ਪ੍ਰਭਾਵਤ ਸੁਕਮਾ ਜ਼ਿਲ੍ਹੇ ਦੇ ਇਕ ਹਫਤਾਵਾਰੀ ਬਾਜ਼ਾਰ ’ਚ ਸਾਦੇ ਕੱਪੜਿਆਂ ’ਚ ਆਏ ਨਕਸਲੀਆਂ ਨੇ ਦੋ ਪੁਲਿਸ ਮੁਲਾਜ਼ਮਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ, ਜਿਸ ’ਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਇਕ ਅਧਿਕਾਰੀ ਨੇ ਦਸਿਆ ਕਿ ਹਮਲੇ ਤੋਂ ਬਾਅਦ ਮਾਉਵਾਦੀਆਂ ਨੇ ਦੋਹਾਂ ਪੁਲਿਸ ਮੁਲਾਜ਼ਮਾਂ ਦੀ ਰਾਈਫਲ ਵੀ ਖੋਹ ਲਈ। ਉਨ੍ਹਾਂ ਦਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਮੁਲਾਜ਼ਮ ਜਗਰਗੁੰਡਾ ਪਿੰਡ ਦੇ ਬਾਜ਼ਾਰ ’ਚ ਸੁਰੱਖਿਆ ਡਿਊਟੀ ’ਤੇ ਸਨ।
ਪੁਲਿਸ ਅਧਿਕਾਰੀ ਨੇ ਦਸਿਆ ਕਿ ਨਕਸਲੀਆਂ ਦੀ ਇਕ ‘ਐਕਸ਼ਨ ਟੀਮ’ ਜਿਸ ’ਚ ਆਮ ਤੌਰ ’ਤੇ ਚਾਰ-ਪੰਜ ਕਾਡਰ ਹੁੰਦੇ ਹਨ, ਨੇ ਅਚਾਨਕ ਕਾਂਸਟੇਬਲ ਕਰਮ ਦੇਵਾ ਅਤੇ ਸੋਢੀ ਕੰਨਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ ਅਤੇ ਉਨ੍ਹਾਂ ਦੀਆਂ ਰਾਈਫਲਾਂ ਲੁੱਟ ਕੇ ਫਰਾਰ ਹੋ ਗਏ।
ਉਨ੍ਹਾਂ ਕਿਹਾ ਕਿ ਉੱਥੇ ਤਾਇਨਾਤ ਹੋਰ ਸੁਰੱਖਿਆ ਕਰਮਚਾਰੀ ਤੁਰਤ ਹਰਕਤ ’ਚ ਆਏ ਅਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿਤੀ। ਦੋਵੇਂ ਜ਼ਖਮੀ ਕਾਂਸਟੇਬਲਾਂ ਨੂੰ ਪਹਿਲਾਂ ਸਥਾਨਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਅਧਿਕਾਰੀ ਨੇ ਦਸਿਆ ਕਿ ਬਾਅਦ ’ਚ ਉਸ ਨੂੰ ਰਾਏਪੁਰ ਲਿਜਾਇਆ ਗਿਆ ਅਤੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਦੋਵੇਂ ਕਾਂਸਟੇਬਲ ਜਗਰਗੁੰਡਾ ਥਾਣੇ ’ਚ ਤਾਇਨਾਤ ਹਨ।
ਬਸਤਰ ਡਿਵੀਜ਼ਨ ਸੁਕਮਾ ਸਮੇਤ ਸੱਤ ਜ਼ਿਲ੍ਹਿਆਂ ਨੂੰ ਕਵਰ ਕਰਦਾ ਹੈ। ਬਸਤਰ ਡਿਵੀਜ਼ਨ ’ਚ ਮਾਉਵਾਦੀ ਪਹਿਲਾਂ ਵੀ ਕਈ ਵਾਰ ਹਫਤਾਵਾਰੀ ਬਾਜ਼ਾਰਾਂ ’ਚ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਚੁਕੇ ਹਨ।