ਸਨਿਚਰਵਾਰ ਰਾਤ ਕਰੀਬ 8:45 ਵਜੇ ਵੇਦਾਂਤ ਦੇਸ਼ਿਕਾ ਮਾਰਗ ਨੇੜੇ ਬੇਰ ਸਰਾਏ ਟ੍ਰੈਫਿਕ ਲਾਈਟ ’ਤੇ ਵਾਪਰੀ ਘਟਨਾ
ਨਵੀਂ ਦਿੱਲੀ : ਦਖਣੀ-ਪਛਮੀ ਦਿੱਲੀ ’ਚ ‘ਹਿੱਟ ਐਂਡ ਰਨ’ ਦੇ ਇਕ ਮਾਮਲੇ ’ਚ ਇਕ ਕਾਰ ਸਵਾਰ ਨੇ ਡਿਊਟੀ ’ਤੇ ਤਾਇਨਾਤ ਦਿੱਲੀ ਟ੍ਰੈਫਿਕ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਟੱਕਰ ਮਾਰਨ ਤੋਂ ਬਾਅਦ ਕਰੀਬ 20 ਮੀਟਰ ਤਕ ਘਸੀਟਿਆ। ਇਕ ਪੁਲਿਸ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿਤੀ। ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਸਨਿਚਰਵਾਰ ਰਾਤ ਕਰੀਬ 8:45 ਵਜੇ ਵੇਦਾਂਤ ਦੇਸ਼ਿਕਾ ਮਾਰਗ ਨੇੜੇ ਬੇਰ ਸਰਾਏ ਟ੍ਰੈਫਿਕ ਲਾਈਟ ’ਤੇ ਵਾਪਰੀ।
ਅਧਿਕਾਰੀ ਨੇ ਕਿਹਾ, ‘‘ਏ.ਐਸ.ਆਈ. ਪ੍ਰਮੋਦ ਅਤੇ ਹੈੱਡ ਕਾਂਸਟੇਬਲ ਸ਼ੈਲੇਸ਼ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਪਰ ਉਨ੍ਹਾਂ ਨੂੰ ਜਾਨ ਤੋਂ ਮਾਰਨ ਦਾ ਇਰਾਦਾ ਸੀ। ਕਤਲ ਦੀ ਕੋਸ਼ਿਸ਼, ਜਨਤਕ ਡਿਊਟੀ ’ਚ ਰੁਕਾਵਟ ਪਾਉਣ ਅਤੇ ਜਨਤਕ ਜੀਵਨ ਨੂੰ ਖਤਰੇ ’ਚ ਪਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।’’ ਇਸ ਘਟਨਾ ਦੇ ਦੋ ਕਥਿਤ ਵੀਡੀਉ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ, ਜਿਸ ’ਚ ਦੋ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਕਾਰ ਘਸੀਟਦੇ ਹੋਏ ਵਿਖਾਇਆ ਗਿਆ ਹੈ, ਵੀਡੀਉ ’ਚ ਪੁਲਿਸ ਮੁਲਾਜ਼ਮ ਕਾਰ ਦਾ ਬੋਨਟ ਫੜਦੇ ਨਜ਼ਰ ਆ ਰਹੇ ਹਨ।
ये तो हाल है...
— Ankit Kumar Avasthi (@kaankit) November 3, 2024
दिल्ली ट्रैफिक पुलिस के दो कर्मचारियों को कार की बोनेट पर झुला कर ये कोई सरफिरा है जो गाड़ी दौड़ा दिया... pic.twitter.com/ynE5Ts5KSc
ਵੀਡੀਉ ’ਚ ਇਕ ਪੁਲਿਸ ਮੁਲਾਜ਼ਮ ਬ੍ਰੇਕ ਲਗਾਉਣ ਅਤੇ ਉਸ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ’ਚ ਪੁਲਿਸ ਮੁਲਾਜ਼ਮ ਜ਼ਮੀਨ ’ਤੇ ਡਿਗਦਾ ਵੇਖਿਆ ਗਿਆ। ਅਧਿਕਾਰੀ ਨੇ ਕਿਹਾ, ‘‘ਕਿਸ਼ਨਗੜ੍ਹ ਥਾਣੇ ’ਚ ਪੀ.ਸੀ.ਆਰ. ਨੂੰ ਫੋਨ ਆਇਆ ਕਿ ਕਿਸੇ ਅਣਪਛਾਤੇ ਵਾਹਨ ਨੇ ਡਿਊਟੀ ’ਤੇ ਤਾਇਨਾਤ ਟ੍ਰੈਫਿਕ ਮੁਲਾਜ਼ਮਾਂ ਨੂੰ ਟੱਕਰ ਮਾਰ ਦਿਤੀ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।’’
ਉਨ੍ਹਾਂ ਕਿਹਾ ਕਿ ਇਕ ਟੀਮ ਨੂੰ ਤੁਰਤ ਮੌਕੇ ’ਤੇ ਭੇਜਿਆ ਗਿਆ ਅਤੇ ਉਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਜ਼ਖਮੀ ਜਵਾਨਾਂ ਨੂੰ ਪੀ.ਸੀ.ਆਰ. ਵੈਨ ਰਾਹੀਂ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਹੈ। ਅਧਿਕਾਰੀ ਨੇ ਦਸਿਆ ਕਿ ਟੀਮ ਹਸਪਤਾਲ ਪਹੁੰਚੀ ਅਤੇ ਵੇਖਿਆ ਕਿ ਸਹਾਇਕ ਸਬ-ਇੰਸਪੈਕਟਰ ਪ੍ਰਮੋਦ ਅਤੇ ਹੈੱਡ ਕਾਂਸਟੇਬਲ ਸ਼ੈਲੇਸ਼ ਚੌਹਾਨ ਹੋਸ਼ ’ਚ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਅਧਿਕਾਰੀ ਨੇ ਦਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਅਪਣੇ ਬਿਆਨ ’ਚ ਕਿਹਾ ਕਿ ਉਹ ਨਿਯਮਿਤ ਪ੍ਰਕਿਰਿਆ ਦੇ ਹਿੱਸੇ ਵਜੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਲਈ ਚਲਾਨ ਜਾਰੀ ਕਰ ਰਹੇ ਹਨ। ਰਾਤ ਕਰੀਬ 8:45 ਵਜੇ ਇਕ ਕਾਰ ਲਾਲ ਬੱਤੀ ਪਾਰ ਕਰ ਗਈ ਅਤੇ ਜਦੋਂ ਸ਼ੈਲੇਸ਼ ਨੇ ਕਾਰ ਦੇ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਡਰਾਈਵਰ ਪਹਿਲਾਂ ਤਾਂ ਰੁਕਿਆ ਪਰ ਤੁਰਤ ਦੋਹਾਂ ਮੁਲਜ਼ਮਾਂ ਨੂੰ ਗੱਡੀ ਨਾਲ ਟੱਕਰ ਮਾਰ ਦਿਤੀ ਅਤੇ ਉਨ੍ਹਾਂ ਨੂੰ ਕਰੀਬ 20 ਮੀਟਰ ਤਕ ਘਸੀਟ ਕੇ ਤੇਜ਼ੀ ਨਾਲ ਫਰਾਰ ਹੋ ਗਿਆ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਗੱਡੀ ਮਾਲਕ ਦੀ ਪਛਾਣ ਕਰ ਲਈ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।