ਸੁਪਰੀਮ ਕੋਰਟ ਨੇ ਏਨੀ ਵੱਡੀ ਰਕਮ ਉਤੇ ਪ੍ਰਗਟਾਈ ਹੈਰਾਨੀ, ਕਿਹਾ, ਸਖ਼ਤੀ ਨਾਲ ਨਜਿੱਠਾਂਗੇ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ ਡਿਜੀਟਲ ਗ੍ਰਿਫਤਾਰੀ ਦੇ ਮਾਮਲਿਆਂ ਨੂੰ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ ਕਿਉਂਕਿ ਉਸ ਨੇ ਦੇਸ਼ ’ਚ ਅਜਿਹੇ ਸਾਈਬਰ ਕ੍ਰਾਈਮ ਮਾਮਲਿਆਂ ਦੇ ਵੱਡੇ ਪੱਧਰ ਉਤੇ ਹੈਰਾਨੀ ਜ਼ਾਹਰ ਕੀਤੀ ਹੈ।
ਡਿਜੀਟਲ ਗ੍ਰਿਫਤਾਰੀ ਸਾਈਬਰ ਕ੍ਰਾਈਮ ਦਾ ਇਕ ਵਧ ਰਿਹਾ ਰੂਪ ਹੈ ਜਿਸ ਵਿਚ ਧੋਖਾਧੜੀ ਕਰਨ ਵਾਲੇ ਆਡੀਓ ਅਤੇ ਵੀਡੀਉ ਕਾਲਾਂ ਰਾਹੀਂ ਪੀੜਤਾਂ ਨੂੰ ਡਰਾਉਣ ਲਈ ਕਾਨੂੰਨ ਲਾਗੂ ਕਰਨ ਵਾਲੇ ਜਾਂ ਅਦਾਲਤੀ ਅਧਿਕਾਰੀਆਂ ਜਾਂ ਸਰਕਾਰੀ ਏਜੰਸੀਆਂ ਦੇ ਕਰਮਚਾਰੀਆਂ ਵਜੋਂ ਪੇਸ਼ ਕਰਦੇ ਹਨ। ਉਹ ਪੀੜਤਾਂ ਨੂੰ ਬੰਧਕ ਬਣਾ ਲੈਂਦੇ ਹਨ ਅਤੇ ਉਨ੍ਹਾਂ ਉਤੇ ਪੈਸੇ ਦੇਣ ਲਈ ਦਬਾਅ ਪਾਉਂਦੇ ਹਨ।
ਜਸਟਿਸ ਸੂਰਿਆ ਕਾਂਤ, ਜਸਟਿਸ ਉੱਜਲ ਭੂਯਾਨ ਅਤੇ ਜਸਟਿਸ ਜੋਯਮਾਲਿਆ ਬਾਗਚੀ ਦੀ ਬੈਂਚ, ਜਿਸ ਨੇ ਇਸ ਮਾਮਲੇ ਵਿਚ ਅਦਾਲਤ ਦੀ ਸਹਾਇਤਾ ਲਈ ਇਕ ਐਮਿਕਸ ਕਿਊਰੀ ਨਿਯੁਕਤ ਕੀਤਾ ਸੀ, ਨੇ ਗ੍ਰਹਿ ਮੰਤਰਾਲੇ ਅਤੇ ਕੇਂਦਰੀ ਜਾਂਚ ਬਿਊਰੋ ਵਲੋਂ ਪੇਸ਼ ਕੀਤੀਆਂ ਦੋ ਸੀਲਬੰਦ ਕਵਰ ਰੀਪੋਰਟਾਂ ਦਾ ਅਧਿਐਨ ਕੀਤਾ।
ਉਨ੍ਹਾਂ ਕਿਹਾ, ‘‘ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਦੇਸ਼ ਭਰ ’ਚ ਬਜ਼ੁਰਗਾਂ ਸਮੇਤ ਪੀੜਤਾਂ ਤੋਂ 3000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਠੱਗ ਲਈ ਗਈ ਹੈ। ਜੇ ਅਸੀਂ ਸਖ਼ਤ ਹੁਕਮ ਪਾਸ ਨਹੀਂ ਕਰਦੇ, ਤਾਂ ਇਹ ਸਮੱਸਿਆ ਹੋਰ ਵਧ ਜਾਵੇਗੀ।’’ ਉਨ੍ਹਾਂ ਕਿਹਾ, ‘‘ਸਾਨੂੰ ਨਿਆਂਇਕ ਹੁਕਮਾਂ ਰਾਹੀਂ ਅਪਣੀਆਂ ਏਜੰਸੀਆਂ ਦੇ ਹੱਥ ਮਜ਼ਬੂਤ ਕਰਨੇ ਪੈਣਗੇ। ਅਸੀਂ ਇਨ੍ਹਾਂ ਅਪਰਾਧਾਂ ਨਾਲ ਸਖਤਾਈ ਨਾਲ ਨਜਿੱਠਣ ਲਈ ਦ੍ਰਿੜ ਹਾਂ।’’
                    
                