ਕਿਹਾ, ਨਿਤੀਸ਼ ਸਰਕਾਰ ਬਣਨ ਮਗਰੋਂ ਆਰ.ਜੇ.ਡੀ. ਨੇ ਯੂ.ਪੀ.ਏ. ਉਤੇ ਬਿਹਾਰ ’ਚ ਪ੍ਰਾਜੈਕਟਾਂ ਨੂੰ ਰੋਕਣ ਲਈ ਦਬਾਅ ਪਾਇਆ ਸੀ
ਕਟਿਹਾਰ/ਸਹਰਸਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਆਰ.ਜੇ.ਡੀ. ਅਤੇ ਕਾਂਗਰਸ ਸੀਮਾਂਚਲ ਖੇਤਰ ’ਚ ਘੁਸਪੈਠ ਨੂੰ ਉਤਸ਼ਾਹਤ ਕਰ ਕੇ ਜਨਸੰਖਿਆ ਸੰਤੁਲਨ ਨੂੰ ਵਿਗਾੜਨ ਦੀ ਖਤਰਨਾਕ ਸਾਜ਼ਸ਼ ਰਚ ਰਹੇ ਹਨ।
ਬਿਹਾਰ ਦੇ ਮੁਸਲਮਾਨਾਂ ਦੀ ਵੱਡੀ ਆਬਾਦੀ ਵਾਲੇ ਜ਼ਿਲ੍ਹਿਆਂ ਵਿਚੋਂ ਇਕ ਕਟਿਹਾਰ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਵਿਰੋਧੀ ਧਿਰ ਉਤੇ ਕੱਟੜਪੰਥੀਆਂ ਅੱਗੇ ਆਤਮ ਸਮਰਪਣ ਕਰਨ ਦੀ ਨਿੰਦਾ ਕੀਤੀ।
ਨਾਜਾਇਜ਼ ਪ੍ਰਵਾਸ ਦੀ ਸਮੱਸਿਆ ਉਤੇ ਚਰਚਾ ਕਰਦੇ ਹੋਏ ਮੋਦੀ ਨੇ ਕਿਹਾ, ‘‘ਮੈਂ ਕਟਿਹਾਰ ਅਤੇ ਇਸ ਦੇ ਨਾਲ ਲਗਦੇ ਅਰਾਰੀਆ ਅਤੇ ਪੂਰਨੀਆ ਵਰਗੇ ਜ਼ਿਲ੍ਹਿਆਂ ’ਚ ਆਰ.ਜੇ.ਡੀ. ਅਤੇ ਕਾਂਗਰਸ ਦੀ ਖਤਰਨਾਕ ਸਾਜ਼ਸ਼ ਨੂੰ ਲੋਕਾਂ ਦੇ ਧਿਆਨ ’ਚ ਲਿਆਉਣਾ ਚਾਹੁੰਦਾ ਹਾਂ। ਇਹ ਸੀਮਾਂਚਲ ਖੇਤਰ ਸਾਡੀ ਸਭਿਆਚਾਰ ਅਤੇ ਸੱਭਿਅਤਾ ਲਈ ਪਹਿਰੇਦਾਰ ਵਾਂਗ ਰਿਹਾ ਹੈ। ਪਰ ਪਿਛਲੇ ਕੁੱਝ ਸਾਲਾਂ ਤੋਂ ਆਰ.ਜੇ.ਡੀ. ਅਤੇ ਕਾਂਗਰਸ ਕੁੱਝ ਵੋਟਾਂ ਲਈ ਇੱਥੇ ਜਨਸੰਖਿਆ ਸੰਤੁਲਨ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ।’’
ਉਨ੍ਹਾਂ ਦੋਸ਼ ਲਾਇਆ ਕਿ ਇਸ ਤਰ੍ਹਾਂ ਆਰ.ਜੇ.ਡੀ. ਅਤੇ ਕਾਂਗਰਸ ਬਿਹਾਰ ਦਾ ਭਵਿੱਖ ਖਤਰੇ ਵਿਚ ਪਾ ਰਹੇ ਹਨ ਅਤੇ ਧੀਆਂ ਸਮੇਤ ਤੁਹਾਡੇ ਬੱਚਿਆਂ ਨੂੰ ਖ਼ਤਰੇ ਵਿਚ ਪਾ ਰਹੇ ਹਨ
ਉਨ੍ਹਾਂ ਕਿਹਾ, ‘‘ਕਾਂਗਰਸ ਅਤੇ ਆਰ.ਜੇ.ਡੀ. ਨੇ ਕੱਟੜਪੰਥੀਆਂ ਅੱਗੇ ਆਤਮ ਸਮਰਪਣ ਕਰ ਦਿਤਾ ਹੈ। ਜਦੋਂ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਘੁਸਪੈਠੀਆਂ ਨੂੰ ਬਾਹਰ ਕੱਢਣ ਦੀ ਜ਼ਰੂਰਤ ਦੀ ਗੱਲ ਕਰਦੀ ਹੈ ਤਾਂ ਵਿਰੋਧੀ ਪਾਰਟੀਆਂ ਉਨ੍ਹਾਂ ਦੇ ਬਚਾਅ ਲਈ ਤਿਆਰ ਹੋ ਜਾਂਦੀਆਂ ਹਨ।’’
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਿੰਨ ਤਲਾਕ ਬਿਲ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਕਹਿਣ ਦੀ ਹਿੰਮਤ ਕੀਤੀ ਕਿ ਉਹ ਸੰਸਦ ਵਲੋਂ ਪਾਸ ਕੀਤੇ ਗਏ ਵਕਫ਼ ਐਕਟ ਨੂੰ ਪਾੜ ਦੇਣਗੇ। ਮੋਦੀ ਨੇ ਦੋਸ਼ ਲਾਇਆ ਕਿ ਦੋਵੇਂ ਪਾਰਟੀਆਂ ਸਪੱਸ਼ਟ ਤੌਰ ਉਤੇ ‘ਕੱਟੜਪੰਥੀ’ ਅਤੇ ‘ਕੱਟੇ’ (ਦੇਸੀ ਪਿਸਤੌਲਾਂ) ਦੇ ਸ਼ੌਕੀਨ ਹਨ।
ਉਨ੍ਹਾਂ ਕਿਹਾ, ‘‘ਪਰ ਲੋਕਾਂ ਨੂੰ ਇਹ ਫੈਸਲਾ ਕਰਨਾ ਹੈ ਕਿ ਕੀ ਉਹ ਅਪਣੇ ਹੱਕਾਂ ਵਿਚ ਘੁਸਪੈਠੀਆਂ ਨੂੰ ਹਿੱਸਾ ਦੇ ਸਕਦੇ ਹਨ।’’ ਉਨ੍ਹਾਂ ਕਿਹਾ, ‘‘ਯਕੀਨਨ, ਮੇਰੇ ਮਹਾਦਲਿਤ ਭਰਾਵਾਂ ਸਮੇਤ ਗਰੀਬ ਲੋਕ ਘੁਸਪੈਠੀਆਂ ਦੇ ਹੱਕ ਵਿਚ ਨਹੀਂ ਹੋਣਗੇ ਜੋ ਉਨ੍ਹਾਂ ਲਈ ਜਾਰੀ ਮੁਫਤ ਰਾਸ਼ਨ ਅਤੇ ਮੁਫਤ ਸਿਹਤ ਬੀਮਾ ਵਰਗੇ ਲਾਭਾਂ ਦਾ ਆਨੰਦ ਮਾਣਦੇ ਹਨ।’’
ਪ੍ਰਧਾਨ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ‘ਇੰਡੀਆ’ ਗਠਜੋੜ ਦੇ ਮੁੱਖ ਮੰਤਰੀ ਉਮੀਦਵਾਰ ਤੇਜਸਵੀ ਯਾਦਵ ਅਪਣੇ ਪਿਤਾ ਲਾਲੂ ਪ੍ਰਸਾਦ ਯਾਦਵ ਦੇ ਪਾਪਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਆਰ.ਜੇ.ਡੀ. ਦੇ ਚੋਣ ਪੋਸਟਰਾਂ ਦੇ ਕੋਨੇ ਉਤੇ ਧੱਕ ਰਹੇ ਹਨ।
ਦੂਜੇ ਪਾਸੇ ਸਹਰਸਾ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਆਰ.ਜੇ.ਡੀ. ਨੇ ਬਿਹਾਰ ’ਚ ਵਿਕਾਸ ਪ੍ਰਾਜੈਕਟਾਂ ਨੂੰ ਠੱਪ ਕਰ ਦਿਤਾ ਹੈ ਅਤੇ 2005 ’ਚ ਸੱਤਾ ਤੋਂ ਲਾਂਭੇ ਕਰਨ ਦਾ ਬਦਲਾ ਲੈਣ ਲਈ ਉਸ ਨੇ ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਉਤੇ ਦਬਾਅ ਪਾਇਆ ਸੀ।
                    
                