
ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪਾਕਿਸਤਾਨ ਨੇ ਸਿੱਖਾਂ ਲਈ ਵੱਡੇ-ਵੱਡੇ ਐਲਾਨ ਤਾਂ ਕਰ ਦਿਤੇ ਹਨ ਪਰ ਪਾਕਿਸਤਾਨ ਸਰਕਾਰ ਕੋਲ ਇੰਨੇ ਫੰਡ ਨਹੀਂ...
ਨਵੀਂ ਦਿੱਲੀ (ਭਾਸ਼ਾ) : ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਪਾਕਿਸਤਾਨ ਨੇ ਸਿੱਖਾਂ ਲਈ ਵੱਡੇ-ਵੱਡੇ ਐਲਾਨ ਤਾਂ ਕਰ ਦਿਤੇ ਹਨ ਪਰ ਪਾਕਿਸਤਾਨ ਸਰਕਾਰ ਕੋਲ ਇੰਨੇ ਫੰਡ ਨਹੀਂ ਕਿ ਉਹ ਇਨ੍ਹਾਂ ਐਲਾਨਾਂ ਨੂੰ ਅਮਲੀ ਰੂਪ ਦੇ ਸਕੇ। ਇਸ ਲਈ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਾਸ਼ਿਦ ਅਹਿਮਦ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਪਾਕਿਸਤਾਨ ਦੇ ਸਿੱਖ ਧਾਰਮਿਕ ਅਸਥਾਨਾਂ ਦੇ ਨੇੜੇ ਉਪਲਬਧ ਰੇਲ ਵਿਭਾਗ ਦੀ ਜ਼ਮੀਨ 'ਤੇ ਪੰਜ-ਤਾਰਾ ਹੋਟਲਾਂ ਦੇ ਨਿਰਮਾਣ ਲਈ ਨਿਵੇਸ਼ ਕਰਨ ਦਾ ਸੱਦਾ ਦਿਤਾ ਹੈ।
Kartarpur Sahib
ਪਾਕਿਸਤਾਨ ਦੇ ਰੇਲ ਮੰਤਰੀ ਜਨਾਬ ਸ਼ੇਖ਼ ਰਾਸ਼ਿਦ ਅਹਿਮਦ ਨੇ ਇਹ ਬਿਆਨ ਦੇ ਕੇ ਸਪੱਸ਼ਟ ਕਰ ਦਿਤਾ ਹੈ ਕਿ ਉਨ੍ਹਾਂ ਦੇ ਵਿਭਾਗ ਕੋਲ ਲੋੜੀਂਦੇ ਫ਼ੰਡ ਮੁਹੱਈਆ ਨਹੀਂ ਹਨ ਤੇ ਜੇ ਕਦੇ ਉਪਲਬਧ ਹੋਏ, ਤਾਂ ਹੀ ਉਹ ਕਰਤਾਰਪੁਰ ਸਾਹਿਬ ਵਿਚ ਰੇਲਵੇ ਸਟੇਸ਼ਨ ਬਣਵਾ ਸਕਣਗੇ। ਦਸ ਦਈਏ ਕਿ ਪਾਕਿਸਤਾਨ ਸਰਕਾਰ ਪਹਿਲਾਂ ਹੀ ਹੋਟਲ ਅਤੇ ਰੇਲਵੇ ਸਟੇਸ਼ਨ ਦੇ ਨਿਰਮਾਣ ਦਾ ਐਲਾਨ ਕਰ ਚੁੱਕੀ ਹੈ ਪਰ ਇਹ ਸੱਚਾਈ ਵੀ ਜੱਗ ਜ਼ਾਹਿਰ ਹੈ ਕਿ ਇਮਰਾਨ ਖ਼ਾਨ ਸਰਕਾਰ ਨੂੰ ਇਸ ਵੇਲੇ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤੇ ਉਸ ਲਈ ਇਕ ਨਵਾਂ ਰੇਲਵੇ ਸਟੇਸ਼ਨ ਤੇ ਪੰਜ-ਤਾਰਾ ਹੋਟਲ ਦੀ ਉਸਾਰੀ ਜੋਗਾ ਵੀ ਪੈਸਾ ਮੌਜੂਦ ਨਹੀਂ ਹੈ।
Kartarpur Sahib
ਪਾਕਿਸਤਾਨੀ ਰੁਪਏ ਵਿਚ ਵੀ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ, ਪਰ ਹੁਣ ਦੇਖਣਾ ਹੋਵੇਗਾ ਕਿ ਰੇਲ ਮੰਤਰੀ ਦੇ ਸੱਦੇ 'ਤੇ ਕਿੰਨੇ ਕੁ ਨਿਵੇਸ਼ਕ ਪਾਕਿਸਤਾਨ ਦਾ ਰੁਖ਼ ਕਰਦੇ ਹਨ?