
ਕਿਹਾ-ਮੁੱਦਾ ਕਸ਼ਮੀਰ ਨਹੀਂ, ਅਤਿਵਾਦ ਹੈ, ਮਨਮੋਹਨ ਸਿੰਘ ਸਰਕਾਰ ਨੇ ਸਰਜੀਕਲ ਹਮਲੇ ਕੀਤੇ ਸਨ ਤਾਂ ਲੁਕਾਏ ਕਿਉਂ?
ਜੈਪੁਰ, 2 ਦਸੰਬਰ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਪੇਸ਼ਕਸ਼ ਕੀਤੀ ਕਿ ਜੇ ਉਹ ਅਪਣੇ ਦਮ 'ਤੇ ਅਤਿਵਾਦ ਦਾ ਮੁਕਾਬਲਾ ਨਹੀਂ ਕਰ ਸਕਦਾ ਤਾਂ ਭਾਰਤ ਦੀ ਮਦਦ ਲੈ ਸਕਦਾ ਹੈ। ਇਸ ਦੇ ਨਾਲ ਹੀ ਰਾਜਨਾਥ ਨੇ ਕਿਹਾ ਕਿ ਦੇਸ਼ ਵਿਚ ਨਕਸਲਵਾਦ ਅਗਲੇ ਪੰਜ ਸਾਲ ਵਿਚ ਖ਼ਤਮ ਹੋ ਜਾਵੇਗਾ।
ਚੋਣ ਦੌਰੇ 'ਤੇ ਆਏ ਰਾਜਨਾਥ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਪੁਛਣਾ ਚਾਹੁੰਦਾ ਹਾਂ ਕਿ ਜੇ ਅਫ਼ਗ਼ਾਨਿਸਤਾਨ ਵਿਚ ਅਮਰੀਕਾ ਦਾ ਸਹਿਯੋਗ ਲੈ ਕੇ ਤਾਲਿਬਾਨ ਵਿਰੁਧ ਲੜਾਈ ਹੋ ਸਕਦੀ ਹੈ ਤਾਂ ਅਤਿਵਾਦ ਵਿਰੁਧ ਲੜਾਈ ਕਿਉਂ ਨਹੀਂ ਹੋ ਸਕਦੀ।
ਪਾਕਿਸਤਾਨ ਨੂੰ ਜੇ ਲਗਦਾ ਹੈ ਕਿ ਉਹ ਇਕੱਲੇ ਅਪਣੇ ਦਮ 'ਤੇ ਅਤਿਵਾਦ ਦਾ ਮੁਕਾਬਲਾ ਨਹੀਂ ਕਰ ਸਕਦਾ ਤਾਂ ਅਪਣੇ ਗੁਆਂਢੀ ਦੇਸ਼ ਭਾਰਤ ਕੋਲੋਂ ਵੀ ਉਹ ਸਹਿਯੋਗ ਲੈ ਸਕਦਾ ਹੈ।' ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੀ ਡਾ. ਮਨਮੋਹਨ ਸਿੰਘ ਸਰਕਾਰ ਨੇ ਸਰਜੀਕਲ ਹਮਲੇ ਕੀਤੇ ਸਨ ਤਾਂ ਲੁਕਾਏ ਕਿਉਂ ਗਏ? ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਲਈ ਗਊ ਜਾਂ ਮੰਦਰ ਚੋਣ ਸਟੰਟ ਹੋ ਸਕਦਾ ਹੈ ਪਰ ਭਾਜਪਾ ਲਈ ਸਭਿਆਚਾਰਕ ਜੀਵਨ ਦਾ ਹਿੱਸਾ ਹੈ। ਕਸ਼ਮੀਰ ਬਾਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਿਆਲ ਸਬੰਧੀ ਰਾਜਨਾਥ ਨੇ ਕਿਹਾ, 'ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਅਤੇ ਪਾਕਿਸਤਾਨ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ
ਕਿ ਮੁੱਦਾ ਕਸ਼ਮੀਰ ਨਹੀਂ ਹੈ। ਕਸ਼ਮੀਰ ਤਾਂ ਭਾਰਤ ਦਾ ਅਭਿੰਨ ਹਿੱਸਾ ਸੀ, ਹੈ ਅਤੇ ਰਹੇਗਾ। ਮੁੱਦਾ ਹੈ ਤਾਂ ਅਤਿਵਾਦ ਅਤੇ ਜੇ ਅਤਿਵਾਦ ਬਾਰੇ ਪਾਕਿਸਤਾਨ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਗੱਲ ਹੋ ਸਕਦੀ ਹੈ।' ਗ੍ਰਹਿ ਮੰਤਰੀ ਨੇ ਕਿਹਾ, 'ਮੇਂ ਇਹ ਦਾਅਵਾ ਨਹੀਂ ਕਰਨਾ ਚਾਹੁੰਦਾ ਕਿ ਅਤਿਵਾਦ ਖ਼ਤਮ ਹੋ ਗਿਆ ਹੈ ਪਰ ਸਾਢੇ ਚਾਰ ਸਾਲ ਵਿਚ ਦੇਸ਼ ਵਿਚ ਅਤਿਵਾਦ ਦੀ ਕੋਈ ਵੱਡੀ ਵਾਰਦਾਤ ਨਹੀਂ ਹੋਈ।
ਇਹ ਕੇਵਲ ਕਸ਼ਮੀਰ ਵਿਚ ਸਿਮਟ ਗਿਆ ਹੈ। ਇਥੇ ਵੀ ਹਾਲਾਤ ਸੁਧਰ ਰਹੇ ਹਨ। ਅਸੀਂ ਪੂਰੇ ਜੰਮੂ ਕਸ਼ਮੀਰ ਨੂੰ ਰਾਜਨੀਤਕ ਪ੍ਰਕ੍ਰਿਆ ਵਿਚ ਲਿਆ ਕੇ ਖੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਹੱਦਾਂ ਸੁਰੱਖਿਅਤ ਹਨ ਅਤੇ ਅਤਿਵਾਦ ਵਿਚ ਕਮੀ ਆਈ ਹੈ। ਨਕਸਲਵਾਦ ਅਗਲੇ ਕੁੱਝ ਸਾਲਾਂ ਵਿਚ ਖ਼ਤਮ ਹੋ ਜਾਵੇਗਾ। ਦੇਸ਼ ਦਾ ਸਿਰ ਉੱਚਾ ਰਹੇਗਾ।' (ਏਜੰਸੀ)