
ਫ਼ੌਜ, ਜਲ ਸੈਨਾ ਅਤੇ ਥਲ ਸੈਨਾ ਤਿੰਨਾਂ ਨੂੰ ਮਿਲ ਸਕਦੇ ਹਨ 10-10 ਡਰੋਨ
ਨਵੀਂ ਦਿੱਲੀ - ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਅਮਰੀਕਾ ਤੋਂ ‘ਪ੍ਰੀਡੇਟਰ’ ਡਰੋਨਾਂ ਦੇ ਬੇੜੇ ਦੀ ਪ੍ਰਸਤਾਵਿਤ ਖਰੀਦ ਪ੍ਰਕਿਰਿਆ ਅਧੀਨ ਹੈ।
ਇਸ ਖਰੀਦ ਨਾਲ ਸੰਬੰਧਿਤ ਮੂਲ ਪ੍ਰਸਤਾਵ, ਚੀਨ ਨਾਲ ਲੱਗਦੀ ਸਰਹੱਦ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦੀ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਤਿੰਨ ਅਰਬ ਡਾਲਰ ਦੀ ਲਾਗਤ ਨਾਲ 30 ਐੱਮ.ਕਿਉ-9ਬੀ ਪ੍ਰੀਡੇਟਰ ਹਥਿਆਰਬੰਦ ਡਰੋਨ ਖਰੀਦਣ ਦਾ ਸੀ।
ਪ੍ਰੈਸ ਕਾਨਫਰੰਸ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ, ਜਲ ਸੈਨਾ ਮੁਖੀ ਨੇ ਕਿਹਾ, “ਖਰੀਦ ਦਾ ਇਹ ਵਿਸ਼ਾ ਪ੍ਰਕਿਰਿਆ ਅਧੀਨ ਹੈ। ਅਸੀਂ ਇਸ ਗੱਲ 'ਤੇ ਚਰਚਾ ਕਰ ਰਹੇ ਹਾਂ ਕਿ ਕੀ (ਡਰੋਨ ਦੀ ਗਿਣਤੀ) ਨੂੰ ਤਰਕਸੰਗਤ ਬਣਾਉਣ ਦੀ ਲੋੜ ਹੈ।"
ਐੱਮ.ਕਿਉ-9ਬੀ ਡਰੋਨ ਐੱਮ.ਕਿਉ-9 'ਰੀਪਰ' ਦਾ ਇੱਕ ਰੂਪ ਹੈ। ਐੱਮ.ਕਿਉ-9 ਰੀਪਰ ਦੀ ਵਰਤੋਂ ਹੇਲਫ਼ਾਇਰ ਮਿਜ਼ਾਈਲ ਦੇ ਸੋਧੇ ਹੋਏ ਸੰਸਕਰਣ ਨੂੰ 'ਲਾਂਚ' ਕਰਨ ਲਈ ਕੀਤੀ ਗਈ ਸੀ, ਜਿਸ ਨੇ ਪਿਛਲੇ ਮਹੀਨੇ ਕਾਬੁਲ ਵਿੱਚ ਅਲ-ਕਾਇਦਾ ਸਰਗਨੇ ਅਯਮਾਨ ਅਲ-ਜਵਾਹਿਰੀ ਦਾ ਖ਼ਾਤਮਾ ਕੀਤਾ ਸੀ।
ਸਾਲ 2020 ਵਿੱਚ, ਭਾਰਤੀ ਜਲ ਸੈਨਾ ਨੇ ਹਿੰਦ ਮਹਾਸਾਗਰ ਵਿੱਚ ਨਿਗਰਾਨੀ ਲਈ ਇੱਕ ਸਾਲ ਲਈ ਜਨਰਲ ਐਟੋਮਿਕਸ ਤੋਂ ਦੋ ਐੱਮ.ਕਿਉ-9ਬੀਸੀ ਗਾਰਡੀਅਨ ਡਰੋਨ ਲੀਜ਼ 'ਤੇ ਲਏ ਸੀ, ਅਤੇ ਬਾਅਦ ਵਿੱਚ ਇਸ ਦੀ ਮਿਆਦ ਵਧਾ ਦਿੱਤੀ ਗਈ ਸੀ।
ਐਡਮਿਰਲ ਕੁਮਾਰ ਨੇ ਕਿਹਾ, "ਅਸੀਂ ਲੀਜ਼ 'ਤੇ ਲਏ ਡਰੋਨਾਂ ਨੂੰ ਚਲਾਉਣ ਦੌਰਾਨ ਚੰਗਾ ਤਜਰਬਾ ਹਾਸਲ ਕੀਤਾ ਹੈ। ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਯਤਨ ਜਾਰੀ ਹਨ।"
ਜਲ ਸੈਨਾ ਨੇ ਇਨ੍ਹਾਂ ਹਥਿਆਰਬੰਦ ਡਰੋਨਾਂ ਦੀ ਖਰੀਦ ਦਾ ਪ੍ਰਸਤਾਵ ਦਿੱਤਾ ਸੀ। ਹਥਿਆਰਬੰਦ ਬਲਾਂ ਦੇ ਤਿੰਨੋਂ ਹਿੱਸਿਆਂ (ਫ਼ੌਜ, ਹਵਾਈ ਸੈਨਾ ਅਤੇ ਜਲ ਸੈਨਾ) ਨੂੰ 10-10 ਅਜਿਹੇ ਡਰੋਨ ਮਿਲਣ ਦੀ ਸੰਭਾਵਨਾ ਹੈ।
ਇਹ ਡਰੋਨ ਵੱਧ ਉਚਾਈ ਵਾਲੇ ਖੇਤਰਾਂ ਵਿੱਚ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਵਾਲਾ ਪਹਿਲਾ ਮਨੁੱਖ ਰਹਿਤ ਹਵਾਈ ਵਾਹਨ ਹੈ।