ਭਾਜਪਾ ਦੇ ਦਬਾਅ ਹੇਠ ਪਿੰਡ ਵਾਸੀਆਂ ਨੂੰ ਰੋਕਣ ਲਈ ਪੁਲਿਸ ਦੀ ਵਰਤੋਂ ਕੀਤੀ ਗਈ : ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨਾਨਾ ਪਟੋਲੇ
ਸੋਲਾਪੁਰ/ਮੁੰਬਈ : ਮਹਾਰਾਸ਼ਟਰ ਦੇ ਮਾਲਸ਼ੀਰਸ ਵਿਧਾਨ ਸਭਾ ਹਲਕੇ ਦੇ ਇਕ ਪਿੰਡ ਵਾਸੀਆਂ ਦਾ ਇਕ ਸਮੂਹ ਬੈਲਟ ਪੇਪਰਾਂ ਰਾਹੀਂ ਮੁੜ ਵੋਟਿੰਗ ਕਰਵਾਉਣ ’ਤੇ ਜ਼ੋਰ ਦੇ ਰਿਹਾ ਸੀ ਪਰ ਪੁਲਿਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਤਚੰਦਰ ਪਵਾਰ (ਐਨ.ਸੀ.ਪੀ.-ਐਸ.ਪੀ.) ਦੇ ਜੇਤੂ ਉਮੀਦਵਾਰ ਉੱਤਮ ਜਾਨਕਰ ਦੇ ਦਖਲ ਤੋਂ ਬਾਅਦ ਪਿੰਡ ਵਾਸੀਆਂ ਨੇ ਮੰਗਲਵਾਰ ਨੂੰ ਅਪਣੀ ਯੋਜਨਾ ਰੱਦ ਕਰ ਦਿਤੀ।
ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਬਾਅ ਹੇਠ ਪਿੰਡ ਵਾਸੀਆਂ ਨੂੰ ਰੋਕਣ ਲਈ ਪੁਲਿਸ ਦੀ ਵਰਤੋਂ ਕੀਤੀ, ਜਿਸ ਨਾਲ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਭਰੋਸੇਯੋਗਤਾ ’ਤੇ ਗੰਭੀਰ ਚਿੰਤਾ ਪੈਦਾ ਹੋ ਗਈ ਹੈ। ਇਸ ਤੋਂ ਪਹਿਲਾਂ ਸੋਲਾਪੁਰ ਜ਼ਿਲ੍ਹੇ ਦੇ ਮਲਸ਼ੀਰਸ ਇਲਾਕੇ ਦੇ ਮਾਰਕਡਵਾੜੀ ਪਿੰਡ ਦੇ ਵਸਨੀਕਾਂ ਨੇ ਬੈਨਰ ਲਗਾ ਕੇ ਦਾਅਵਾ ਕੀਤਾ ਸੀ ਕਿ 3 ਦਸੰਬਰ ਨੂੰ ‘ਮੁੜ ਵੋਟਿੰਗ’ ਹੋਵੇਗੀ।
ਇਹ ਪਿੰਡ ਮਾਲਸ਼ੀਰਸ ਵਿਧਾਨ ਸਭਾ ਹਲਕੇ ’ਚ ਪੈਂਦਾ ਹੈ, ਜਿੱਥੇ 20 ਨਵੰਬਰ ਨੂੰ ਹੋਈ ਚੋਣ ’ਚ ਜਾਨਕਰ ਨੇ ਭਾਜਪਾ ਦੇ ਰਾਮ ਸਤਪੁਤੇ ਨੂੰ 13,147 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਚੋਣਾਂ ਦੇ ਨਤੀਜੇ 2 ਨਵੰਬਰ ਨੂੰ ਐਲਾਨੇ ਗਏ ਸਨ। ਹਾਲਾਂਕਿ, ਮਾਰਕਡਵਾੜੀ ਦੇ ਵਸਨੀਕਾਂ ਨੇ ਦਾਅਵਾ ਕੀਤਾ ਕਿ ਜਾਨਕਰ ਨੂੰ ਉਨ੍ਹਾਂ ਦੇ ਪਿੰਡ ’ਚ ਸਤਪੁਤੇ ਨਾਲੋਂ ਘੱਟ ਵੋਟਾਂ ਮਿਲੀਆਂ, ਜੋ ਸੰਭਵ ਨਹੀਂ ਸੀ। ਸਥਾਨਕ ਲੋਕਾਂ ਨੇ ਈ.ਵੀ.ਐਮ. ’ਤੇ ਸ਼ੱਕ ਪ੍ਰਗਟਾਇਆ ਸੀ।
ਮਲਸ਼ਿਰਾਸ ਦੇ ਸਬ-ਡਵੀਜ਼ਨਲ ਅਧਿਕਾਰੀ (ਐਸ.ਡੀ.ਐਮ.) ਨੇ ਸੋਮਵਾਰ ਨੂੰ ਕੁੱਝ ਸਥਾਨਕ ਲੋਕਾਂ ਦੀ ‘ਮੁੜ ਵੋਟਿੰਗ’ ਯੋਜਨਾ ਕਾਰਨ ਕਿਸੇ ਵੀ ਟਕਰਾਅ ਜਾਂ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਰੋਕਣ ਲਈ ਭਾਰਤੀ ਸਿਵਲ ਕੋਡ ਦੀ ਧਾਰਾ 163 ਤਹਿਤ 2 ਤੋਂ 5 ਦਸੰਬਰ ਤਕ ਖੇਤਰ ’ਚ ਮਨਾਹੀ ਦੇ ਹੁਕਮ ਲਾਗੂ ਕੀਤੇ ਹਨ।
ਤਹਿਸੀਲਦਾਰ ਵਿਜੇ ਪੰਗਾਰਕਰ ਨੇ ਪਿੰਡ ਵਾਸੀਆਂ ਦੀ ਬੈਲਟ ਪੇਪਰਾਂ ਰਾਹੀਂ ਮੁੜ ਵੋਟਿੰਗ ਕਰਵਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿਤੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਜਾਇਜ਼ ਤਰੀਕੇ ਨਾਲ ਕਰਵਾਈਆਂ ਗਈਆਂ ਸਨ ਅਤੇ ਵੋਟਿੰਗ ਜਾਂ ਗਿਣਤੀ ਦੌਰਾਨ ਕੋਈ ਇਤਰਾਜ਼ ਨਹੀਂ ਉਠਾਇਆ ਗਿਆ ਸੀ। ਬੈਲਟ ਵੋਟਿੰਗ ਹੁਣ ਗੈਰ-ਕਾਨੂੰਨੀ ਹੈ ਅਤੇ ਚੋਣ ਪ੍ਰਕਿਰਿਆ ਦੇ ਦਾਇਰੇ ਤੋਂ ਬਾਹਰ ਹੈ।