
ਅਸੀਂ ‘ਇੰਡੀਆ’ ਗਠਜੋੜ ਨੂੰ ਮਜਬੂਤ ਕਰਨ ਅਤੇ ਸੀਟਾਂ ਦੀ ਵੰਡ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਰਣਨੀਤੀ ’ਤੇ ਚਰਚਾ ਕਰਨ ਲਈ ਦੁਬਾਰਾ ਮੀਟਿੰਗ ਕਰਾਂਗੇ।’’
ਨਵੀਂ ਦਿੱਲੀ : ਆਗਾਮੀ ਲੋਕ ਸਭਾ ਚੋਣਾਂ ਦੀ ਰਣਨੀਤੀ, ਸੀਟਾਂ ਦੀ ਵੰਡ ਅਤੇ 14 ਜਨਵਰੀ ਤੋਂ ਮਨੀਪੁਰ ਤੋਂ ਮਹਾਰਾਸ਼ਟਰ ਤਕ ਸ਼ੁਰੂ ਹੋਣ ਵਾਲੀ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਨਿਆਏ ਯਾਤਰਾ ਦੀਆਂ ਤਿਆਰੀਆਂ ’ਤੇ ਚਰਚਾ ਕਰਨ ਲਈ ਦੇਸ਼ ਭਰ ਦੇ ਸੀਨੀਅਰ ਕਾਂਗਰਸ ਨੇਤਾਵਾਂ ਨੇ ਵੀਰਵਾਰ ਨੂੰ ਬੈਠਕ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਥੇ ਪਾਰਟੀ ਹੈੱਡਕੁਆਰਟਰ ’ਤੇ ਪਾਰਟੀ ਦੇ ਜਨਰਲ ਸਕੱਤਰਾਂ, ਸੂਬਾ ਇੰਚਾਰਜਾਂ, ਸੂਬਾ ਇਕਾਈ ਦੇ ਮੁਖੀਆਂ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾਵਾਂ ਦੀ ਬੈਠਕ ਬੁਲਾਈ।
ਇਸ ਦੌਰਾਨ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਮੌਜੂਦ ਸਨ। ਖੜਗੇ ਵਲੋਂ ਦਸੰਬਰ ਵਿਚ ਪਾਰਟੀ ਸੰਗਠਨ ਵਿਚ ਫੇਰਬਦਲ ਕਰਨ ਤੋਂ ਬਾਅਦ ਪਾਰਟੀ ਦੇ ਨਵੇਂ ਨਿਯੁਕਤ ਅਧਿਕਾਰੀਆਂ ਦੀ ਇਹ ਪਹਿਲੀ ਮੀਟਿੰਗ ਹੈ। ਮੀਟਿੰਗ ਤੋਂ ਪਹਿਲਾਂ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਕਾਂਗਰਸ ਦੀ ਅੰਤਿ੍ਰੰਗ ਕਮੇਟੀ ਦੀਆਂ ਦੋ ਮੀਟਿੰਗਾਂ ਦੂਜੀਆਂ ਪਾਰਟੀਆਂ ਨਾਲ ਸੀਟਾਂ ਦੀ ਵੰਡ ’ਤੇ ਚਰਚਾ ਕਰਨ ਲਈ ਹੋਈਆਂ ਸਨ। ਉਨ੍ਹਾਂ ਕਿਹਾ, “ਕਮੇਟੀ ਹੁਣ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੂੰ ਅਪਣੀ ਰਿਪੋਰਟ ਸੌਂਪੇਗੀ।
ਅਸੀਂ ‘ਇੰਡੀਆ’ ਗਠਜੋੜ ਨੂੰ ਮਜਬੂਤ ਕਰਨ ਅਤੇ ਸੀਟਾਂ ਦੀ ਵੰਡ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਰਣਨੀਤੀ ’ਤੇ ਚਰਚਾ ਕਰਨ ਲਈ ਦੁਬਾਰਾ ਮੀਟਿੰਗ ਕਰਾਂਗੇ।’’
ਕਾਂਗਰਸ 10 ਸਾਲਾਂ ਤੋਂ ਕੇਂਦਰ ’ਚ ਸੱਤਾ ਤੋਂ ਬਾਹਰ ਹੈ ਅਤੇ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਮੁਕਾਬਲਾ ਕਰਨ ਅਤੇ ਉਸ ਨੂੰ ਸੱਤਾ ਤੋਂ ਬਾਹਰ ਕਰਨ ਦੀ ਕੋਸ਼ਿਸ਼ ’ਚ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ ਯਾਨੀ ‘ਇੰਡੀਆ’ ਗੱਠਜੋੜ ’ਤੇ ਭਰੋਸਾ ਕਰ ਰਹੀ ਹੈ।
ਪਿਛਲੇ ਦਿਨਾਂ ਵਿਚ ਕਾਂਗਰਸ ਲੀਡਰਸ਼ਿਪ ਨੇ ਸੂਬਾਈ ਆਗੂਆਂ ਨਾਲ ਵੱਖ-ਵੱਖ ਮੀਟਿੰਗਾਂ ਕਰ ਕੇ ਸੂਬਿਆਂ ਵਿਚ ਚੋਣ ਤਿਆਰੀਆਂ ਬਾਰੇ ਚਰਚਾ ਕੀਤੀ ਹੈ। ਸਤੰਬਰ 2022 ਤੋਂ ਜਨਵਰੀ 2023 ਦਰਮਿਆਨ ਆਯੋਜਤ ‘ਭਾਰਤ ਜੋੜੋ ਯਾਤਰਾ’ ਦੇ ਦੂਜੇ ਸੰਸਕਰਨ ਵਜੋਂ ‘ਭਾਰਤ ਨਿਆਏ ਯਾਤਰਾ’ 14 ਜਨਵਰੀ ਤੋਂ 20 ਮਾਰਚ ਦੇ ਵਿਚਕਾਰ ਇੰਫ਼ਾਲ ਤੋਂ ਮੁੰਬਈ ਤਕ ਆਯੋਜਤ ਕੀਤੀ ਜਾਵੇਗੀ। ਭਾਰਤ ਦੇ ਪੂਰਬ ਤੋਂ ਪੱਛਮ ਤਕ ਦੀ ਇਸ ਯਾਤਰਾ ਰਾਹੀਂ ਕਾਂਗਰਸ ਅਪ੍ਰੈਲ-ਮਈ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਤਕ ਪਹੁੰਚਣ ਅਤੇ ਉਨ੍ਹਾਂ ਨਾਲ ਜੁੜਨ ਦੀ ਕੋਸ਼ਿਸ਼ ਕਰੇਗੀ।