
ਕਸ਼ਮੀਰ ਦੇ ਕਈ ਹਿੱਸਿਆਂ ’ਚ ਸਵੇਰੇ ਸੰਘਣੀ ਧੁੰਦ ਦਾ ਕਹਿਰ
ਸ਼੍ਰੀਨਗਰ: ਕਸ਼ਮੀਰ ਦੇ ਕਈ ਇਲਾਕਿਆਂ ’ਚ ਸਨਿਚਰਵਾਰ ਨੂੰ ਸੰਘਣੀ ਧੁੰਦ ਰਹੀ ਅਤੇ ਵਾਦੀ ’ਚ ਵੱਡੇ ਪੱਧਰ ’ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੱਧਮ ਅਤੇ ਉੱਚੇ ਇਲਾਕਿਆਂ ’ਚ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਅਧਿਕਾਰੀਆਂ ਨੇ ਦਸਿਆ ਕਿ ਧੁੰਦ ਕਾਰਨ ਵਾਦੀ ’ਚ ਹਵਾਈ ਆਵਾਜਾਈ ਪ੍ਰਭਾਵਤ ਹੋਈ ਅਤੇ ਘੱਟ ਦਿਸਣ ਹੱਦ ਕਾਰਨ ਸ਼੍ਰੀਨਗਰ ਹਵਾਈ ਅੱਡੇ ਤੋਂ ਉਡਾਣਾਂ ਦਾ ਸੰਚਾਲਨ ਪ੍ਰਭਾਵਤ ਹੋਇਆ। ਅਧਿਕਾਰੀਆਂ ਨੇ ਦਸਿਆ ਕਿ ਕਈ ਉਡਾਣਾਂ ’ਚ ਦੇਰੀ ਹੋਈ ਪਰ ਵਿਜ਼ੀਬਿਲਟੀ ’ਚ ਸੁਧਾਰ ਹੋਣ ਤੋਂ ਬਾਅਦ ਸੰਚਾਲਨ ਮੁੜ ਸ਼ੁਰੂ ਹੋ ਗਿਆ ਅਤੇ ਪਹਿਲੀ ਉਡਾਣ ਸਵੇਰੇ 11:13 ਵਜੇ ਉਤਰੀ।
ਅਧਿਕਾਰੀਆਂ ਨੇ ਦਸਿਆ ਕਿ ਸ੍ਰੀਨਗਰ ਸਮੇਤ ਕਸ਼ਮੀਰ ਦੇ ਕਈ ਹਿੱਸਿਆਂ ’ਚ ਸਵੇਰੇ ਸੰਘਣੀ ਧੁੰਦ ਛਾ ਗਈ।
ਮੌਸਮ ਵਿਭਾਗ ਨੇ ਕਿਹਾ ਕਿ ਦਰਮਿਆਨੀ ਤੋਂ ਮਜ਼ਬੂਤ ਪਛਮੀ ਗੜਬੜੀ ਦੇ ਜੰਮੂ-ਕਸ਼ਮੀਰ ਨੂੰ ਪ੍ਰਭਾਵਤ ਕਰਨ ਦੀ ਸੰਭਾਵਨਾ ਹੈ ਅਤੇ ਜ਼ਿਆਦਾਤਰ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਰਫਬਾਰੀ ਹੋ ਸਕਦੀ ਹੈ ਅਤੇ ਸਨਿਚਰਵਾਰ ਰਾਤ ਤੋਂ ਸੋਮਵਾਰ ਸਵੇਰ ਤਕ ਸਥਿਤੀ ਅਪਣੇ ਸਿਖਰ ’ਤੇ ਰਹਿ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ ਸਨਿਚਰਵਾਰ ਰਾਤ ਤੋਂ ਐਤਵਾਰ ਦੇਰ ਰਾਤ ਜਾਂ ਸੋਮਵਾਰ ਸਵੇਰ ਤਕ ਕਸ਼ਮੀਰ ਅਤੇ ਚਿਨਾਬ ਘਾਟੀ ਦੇ ਮੱਧ ਅਤੇ ਉੱਚੇ ਇਲਾਕਿਆਂ ’ਚ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਸਨਿਚਰਵਾਰ ਲਈ ‘ਪੀਲੇ ਰੰਗੀ ਚੇਤਾਵਨੀ’ ਜਾਰੀ ਕੀਤੀ ਹੈ। ਐਤਵਾਰ ਲਈ ‘ਸੰਤਰੀ ਰੰਗੀ ਚੇਤਾਵਨੀ’ ਜਾਰੀ ਕੀਤੀ ਗਈ ਹੈ, ਜਦੋਂ ਕੁੱਝ ਥਾਵਾਂ ’ਤੇ ਵਿਆਪਕ ਬਰਫਬਾਰੀ ਅਤੇ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਇਸ ਨੇ ਚੇਤਾਵਨੀ ਦਿਤੀ ਕਿ ਇਸ ਨਾਲ ਸੜਕ ਅਤੇ ਹਵਾਈ ਆਵਾਜਾਈ ’ਚ ਅਸਥਾਈ ਰੁਕਾਵਟ ਆ ਸਕਦੀ ਹੈ, ਖ਼ਾਸਕਰ ਐਤਵਾਰ ਨੂੰ।
ਦਰਮਿਆਨੀ ਤੋਂ ਭਾਰੀ ਬਰਫਬਾਰੀ ਦੀ ਸੰਭਾਵਨਾ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਖਰਾਬ ਮੌਸਮ ਦੌਰਾਨ ਬੇਲੋੜੀ ਯਾਤਰਾ ਤੋਂ ਪਰਹੇਜ਼ ਕਰਨ ਦੀ ਸਲਾਹ ਦਿਤੀ ਹੈ।
ਅਧਿਕਾਰੀਆਂ ਨੇ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੀ ਮਦਦ ਲਈ ਕੰਟਰੋਲ ਰੂਮ ਸਥਾਪਤ ਕੀਤੇ ਹਨ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਸਰਕਾਰ ਬਰਫਬਾਰੀ ਨਾਲ ਨਜਿੱਠਣ ਲਈ ਤਿਆਰ ਹੈ।