
4-4 ਲੱਖ ਰੁਪਏ ਜਾਰੀ ਕਰਨ ਦੇ ਹੁਕਮ
ਵਿਰੁਧੁਨਗਰ : ਤਾਮਿਲਨਾਡੂ ਦੇ ਵਿਰੁਧੁਨਗਰ ਨੇੜੇ ਸਨਿਚਰਵਾਰ ਨੂੰ ਪਟਾਕਾ ਬਣਾਉਣ ਵਾਲੀ ਇਕ ਇਕਾਈ ’ਚ ਧਮਾਕਾ ਹੋਣ ਨਾਲ 6 ਮਜ਼ਦੂਰਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ । ਸ਼ੱਕ ਹੈ ਕਿ ਇਹ ਧਮਾਕਾ ਰਸਾਇਣਾਂ ਨੂੰ ਰਲਾਉਣ ਦੀ ਪ੍ਰਕਿਰਿਆ ਦੌਰਾਨ ਹੋਇਆ, ਜਿਸ ਨਾਲ ਘੱਟੋ-ਘੱਟ ਇਕ ਕਮਰੇ ਨੂੰ ਨੁਕਸਾਨ ਪਹੁੰਚਿਆ ਅਤੇ ਛੇ ਮਜ਼ਦੂਰਾਂ ਦੀ ਮੌਤ ਹੋ ਗਈ।
ਇਹ ਧਮਾਕਾ ਸਵੇਰੇ ਉਸ ਸਮੇਂ ਹੋਇਆ ਜਦੋਂ ਮਜ਼ਦੂਰ ਨਿਰਮਾਣ ਪ੍ਰਕਿਰਿਆ ਦੇ ਹਿੱਸੇ ਵਜੋਂ ਰਸਾਇਣਕ-ਕੱਚੇ ਮਾਲ ਨੂੰ ਰਲਾਉਣ ਵਿਚ ਲੱਗੇ ਹੋਏ ਸਨ।ਧਮਾਕੇ ’ਚ ਜ਼ਖਮੀ ਹੋਏ ਮੁਹੰਮਦ ਸੁਦੀਨ ਨੂੰ ਮਦੁਰਈ ਦੇ ਇਕ ਸਰਕਾਰੀ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਮ੍ਰਿਤਕਾਂ ਦੀ ਪਛਾਣ ਐਸ. ਸ਼ਿਵਕੁਮਾਰ (56), ਐਸ. ਮੀਨਾਕਸ਼ੀ ਸੁੰਦਰਮ (46), ਆਰ. ਨਾਗਰਾਜ (37), ਜੀ. ਵੇਲਮੁਰੂਗਨ, ਐਸ. ਕਾਮਰਾਜ ਅਤੇ ਆਰ. ਕੰਨਨ (54 ਸਾਲ) ਵਜੋਂ ਹੋਈ ਹੈ।ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਮੌਤਾਂ ’ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਮਦੁਰਈ ਦੇ ਸਰਕਾਰੀ ਹਸਪਤਾਲ ’ਚ ਜ਼ਖਮੀ ਕਰਮਚਾਰੀਆਂ ਦੀ ਵਿਸ਼ੇਸ਼ ਦੇਖਭਾਲ ਯਕੀਨੀ ਬਣਾਉਣ ਦੇ ਹੁਕਮ ਦਿਤੇ ਹਨ।
ਪੀੜਤ ਪਰਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਜਨਤਕ ਰਾਹਤ ਫੰਡ ’ਚੋਂ ਪੀੜਤ ਪਰਵਾਰਾਂ ਨੂੰ 4-4 ਲੱਖ ਰੁਪਏ ਜਾਰੀ ਕਰਨ ਦੇ ਹੁਕਮ ਦਿਤੇ ਹਨ। ਉਨ੍ਹਾਂ ਨੇ ਜ਼ਖਮੀ ਜਵਾਨਾਂ ਨੂੰ 1 ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਹੁਕਮ ਦਿਤਾ।