
ਸੜਕ ਨਿਰਮਾਣ ’ਚ ਕਥਿਤ ਬੇਨਿਯਮੀਆਂ ਦਾ ਪਰਦਾਫਾਸ਼ ਕਰਨ ਵਾਲੇ ਫਰੀਲਾਂਸ ਪੱਤਰਕਾਰ ਚੰਦਰਕਰ ਸ਼ੁਕਰਵਾਰ ਨੂੰ ਸ਼ੱਕੀ ਹਾਲਾਤ ’ਚ ਮ੍ਰਿਤਕ ਮਿਲੇ ਸਨ
ਨਵੀਂ ਦਿੱਲੀ : ਪ੍ਰੈੱਸ ਕੌਂਸਲ ਆਫ ਇੰਡੀਆ (PCI) ਨੇ ਛੱਤੀਸਗੜ੍ਹ ’ਚ ਇਕ ਪੱਤਰਕਾਰ ਦੀ ਰਹੱਸਮਈ ਮੌਤ ’ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਇਸ ਸਬੰਧ ’ਚ ਸੂਬਾ ਸਰਕਾਰ ਤੋਂ ਰੀਪੋਰਟ ਮੰਗੀ ਹੈ।
PCI ਵਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ PCI ਦੀ ਚੇਅਰਪਰਸਨ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਨੇ ਬਸਤਰ ’ਚ ਮੁਕੇਸ਼ ਚੰਦਰਕਰ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਨਾਲ ਜੁੜੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ ਅਤੇ ਘਟਨਾ ਦੇ ਤੱਥਾਂ ’ਤੇ ਸੂਬਾ ਸਰਕਾਰ ਤੋਂ ਰੀਪੋਰਟ ਮੰਗੀ ਹੈ। ਪ੍ਰੈੱਸ ਐਸੋਸੀਏਸ਼ਨ ਅਤੇ ਐਡੀਟਰਜ਼ ਗਿਲਡ ਆਫ ਇੰਡੀਆ ਨੇ ਵੀ ਸੂਬਾ ਸਰਕਾਰ ਨੂੰ ਟੈਲੀਵਿਜ਼ਨ ਪੱਤਰਕਾਰ ਦੀ ਮੌਤ ਨਾਲ ਜੁੜੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਹੈ।
ਸੜਕ ਨਿਰਮਾਣ ’ਚ ਕਥਿਤ ਬੇਨਿਯਮੀਆਂ ਦਾ ਪਰਦਾਫਾਸ਼ ਕਰਨ ਵਾਲੇ ਫਰੀਲਾਂਸ ਪੱਤਰਕਾਰ ਚੰਦਰਕਰ ਸ਼ੁਕਰਵਾਰ ਨੂੰ ਬੀਜਾਪੁਰ ਕਸਬੇ ’ਚ ਇਕ ਸਥਾਨਕ ਠੇਕੇਦਾਰ ਦੀ ਜਾਇਦਾਦ ’ਤੇ ਸੈਪਟਿਕ ਟੈਂਕ ’ਚ ਮ੍ਰਿਤਕ ਪਾਏ ਗਏ। ਚੰਦਰਕਰ (33) ਦੇ ਕਥਿਤ ਕਤਲ ਦੇ ਸਬੰਧ ’ਚ ਤਿੰਨ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਉਪ ਮੁੱਖ ਮੰਤਰੀ ਵਿਜੇ ਸ਼ਰਮਾ ਨੇ ਕਤਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੇ ਗਠਨ ਦਾ ਐਲਾਨ ਕੀਤਾ। ਸ਼ਰਮਾ ਨੇ ਇਹ ਵੀ ਦਾਅਵਾ ਕੀਤਾ ਕਿ ਮੁੱਖ ਦੋਸ਼ੀ ਸੁਰੇਸ਼ ਚੰਦਰਕਰ ਕਾਂਗਰਸ ਨੇਤਾ ਅਤੇ ਠੇਕੇਦਾਰ ਸੀ।
ਹਾਲਾਂਕਿ, ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਸੁਰੇਸ਼ ਚੰਦਰਕਰ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਪੁਲਿਸ ਅਨੁਸਾਰ ਪੱਤਰਕਾਰ ਮੁਕੇਸ਼ ਚੰਦਰਕਰ (33) 1 ਜਨਵਰੀ ਦੀ ਰਾਤ ਤੋਂ ਲਾਪਤਾ ਸੀ ਅਤੇ ਸ਼ੁੱਕਰਵਾਰ ਨੂੰ ਉਸ ਦੀ ਲਾਸ਼ ਬੀਜਾਪੁਰ ਕਸਬੇ ਦੇ ਚਟਾਪਾਰਾ ਟਾਊਨਸ਼ਿਪ ਵਿੱਚ ਸੁਰੇਸ਼ ਚੰਦਰਕਰ ਦੀ ਮਲਕੀਅਤ ਵਾਲੇ ਅਹਾਤੇ ਵਿੱਚ ਇੱਕ ਸੈਪਟਿਕ ਟੈਂਕ ਤੋਂ ਮਿਲੀ ਸੀ।