
ਸਮਾਜਕ ਕਾਰਕੁਨ ਅੰਨਾ ਹਜ਼ਾਰੇ ਵਲੋਂ ਰੱਖੀ ਭੁੱਖ ਹੜਤਾਲ ਨੂੰ ਐਤਵਾਰ ਨੂੰ ਪੰਜ ਦਿਨ ਹੋ ਗਏ.....
ਰਾਲੇਗਣ ਸਿੱਧੀ (ਮਹਾਰਾਸ਼ਟਰ) : ਸਮਾਜਕ ਕਾਰਕੁਨ ਅੰਨਾ ਹਜ਼ਾਰੇ ਵਲੋਂ ਰੱਖੀ ਭੁੱਖ ਹੜਤਾਲ ਨੂੰ ਐਤਵਾਰ ਨੂੰ ਪੰਜ ਦਿਨ ਹੋ ਗਏ। ਜਦਕਿ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਹੜਤਾਲ ਦੇ ਹੱਕ 'ਚ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ 'ਚ ਇਕ ਹਾਈਵੇ ਨੂੰ ਰੋਕ ਦਿਤਾ ਜਿਸ ਨਾਲ ਇਲਾਕੇ 'ਚ ਲੰਮਾ ਜਾਮ ਲੱਗ ਗਿਆ। ਪੁਲਿਸ ਨੇ ਜਾਮ ਖੋਲ੍ਹਣ ਲਈ 110 ਅੰਦੋਲਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਬਾਅਦ 'ਚ ਛੱਡ ਦਿਤਾ। ਹਜ਼ਾਰੇ ਨੇ ਕੇਂਦਰ ਅਤੇ ਮਹਾਰਾਸ਼ਟਰ 'ਚ ਲੋਕਾਪਾਲ ਦੀ ਤੁਰਤ ਨਿਯੁਕਤੀ ਅਤੇ ਕਿਸਾਨਾਂ ਦੇ ਮੁੱਦਿਆਂ ਦੇ ਹੱਲ ਲਈ ਬੁਧਵਾਰ ਨੂੰ ਅਹਿਮਦਨਗਰ ਜ਼ਿਲ੍ਹਾ ਸਥਿਤ ਅਪਣੀ ਜੱਦੀ ਪਿੰਡ ਰਾਲੇਗਣ ਸਿੱਧੀ 'ਚ ਭੁੱਖ ਹੜਤਾਲ ਸ਼ੁਰੂ ਕੀਤੀ ਸੀ।
ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਵੀ ਹਜ਼ਾਰੇ ਦੀ ਹਮਾਇਤ 'ਚ ਨਿੱਤਰੇ ਹਨ ਅਤੇ ਉਨ੍ਹਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜਕ ਕਾਰਕੁਨ ਦੀ ਜ਼ਿੰਦਗੀ ਨਾਲ ਨਾ ਖੇਡੇ। ਠਾਕਰੇ ਨੇ 81 ਸਾਲਾਂ ਦੇ ਅੰਨਾ ਹਜ਼ਾਰੇ ਦੀ ਸਿਹਤ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਪ੍ਰਧਾਨ ਮੰਤਰੀ ਦਫ਼ਤਰ ਦੀ ਉਸ ਕਥਿਤ ਚਿੱਠੀ ਨੂੰ 'ਨਿੰਦਣਯੋਗ' ਅਤੇ 'ਹਾਸੋਹੀਣਾ' ਦਸਿਆ ਜਿਸ 'ਚ ਹਜ਼ਾਰੇ ਦੀ ਚੰਗੀ ਸਿਹਤ ਦੀ ਉਮੀਦ ਕੀਤੀ ਗਈ ਹੈ। ਉਧਰ ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ ਅਤੇ ਸੀਨੀਅਰ ਕਾਂਗਰਸ ਆਗੂ ਰਾਧਾਕ੍ਰਿਸ਼ਣ ਵਿਖੇ ਪਾਟਿਲ ਨੇ ਅੱਜ ਅੰਨਾ ਹਜ਼ਾਰੇ ਨਾਲ ਮੁਲਾਕਾਤ ਕੀਤੀ।
ਮਹਾਜਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਦੀ ਚਿੱਠੀ ਲੈ ਕੇ ਹਜ਼ਾਰੇ ਕੋਲ ਆਏ ਸਨ। ਉਨ੍ਹਾਂ ਅੰਨਾ ਹਜ਼ਾਰੇ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਕਿਉਂਕਿ ਉਨ੍ਹਾਂ ਦੀਆਂ ਜ਼ਿਆਦਾਤਰ ਮੰਗਾਂ ਦੀ ਪੂਰੀ ਬਜਟ 'ਚ ਕਰ ਦਿਤੀ ਗਈ ਹੈ ਅਤੇ ਮਹਾਰਾਸ਼ਟਰ ਸਰਕਾਰ ਵੀ ਇਸ ਬਾਰੇ ਵਿਚਾਰ ਕਰ ਰਹੀ ਹੈ। (ਪੀਟੀਆਈ)